ਪ੍ਰਸ਼ਾਸਨ ਦੀ ਰੋਕ ਦੇ ਬਾਵਜੂਦ ਵੀ ਧੜੱਲੇ ਨਾਲ ਵਿਕ ਰਹੀ ਹੈ ਰਾਏਕੋਟ ਚਾਈਨਾ ਡੋਰ

ਰਾਏਕੋਟ, 15 ਜਨਵਰੀ (ਚਮਕੌਰ ਸਿੰਘ ਦਿਓਲ) : ਲੋਹੜੀ ਅਤੇ ਮਾਘੀ ਦਾ ਤਿਉਹਾਰ ਜਿੱਥੇ ਸ਼ਹਿਰ ਵਿੱਚ ਬੜੀ ਧੂਮਧਾਮ ਅਤੇ ਉਤਸਾਹ ਨਾਲ ਮਨਾਇਆ ਗਿਆ, ਉੱਥੇ ਉਕਤ ਦੋ ਦਿਨਾਂ ਦੌਰਾਨ ਖਿੜੀ ਧੁੱਪ ਕਾਰਨ ਪਤੰਗਬਾਜ਼ਾਂ ਦੇ ਚੇਹਰਿਆਂ ’ਤੇ ਵੀ ਖੁਸ਼ੀ ਦੇਖੀ ਗਈ। ਪ੍ਰੰਤੂ ਪਤੰਗਾਂ ਉਡਾਉਣ ਲਈ ਪਤੰਗਬਾਜ਼ਾਂ ਦੀ ਪਹਿਲੀ ਪਸੰਦ ਚਾਈਨਾ ਡੋਰ ਹੀ ਰਹੀ, ਜਿਸਦਾ ਸਿੱਧਾ ਮਤਲਬ ਇਹ ਸੀ ਕਿ ਪ੍ਰਸ਼ਾਸਨ ਵਲੋਂ ਰੋਕ ਦੇ ਬਾਵਜ਼ੂਦ ਚਾਈਨਾ ਡੋਰ ਸ਼ਹਿਰ ਵਿੱਚ ਧੜੱਲੇ ਨਾਲ ਵੇਚੀ ਗਈ। ਹਲਾਂਕਿ ਇਸ ਦੌਰਾਨ ਸ਼ਹਿਰ ਵਿੱਚ ਚਾਈਨਾ ਡੋਰ ਨਾਲ ਕਿਸੇ ਅਣਸੁਖਾਂਵੀ ਘਟਨਾਂ ਦੀ ਸੂਚਨਾਂ ਤਾਂ ਨਹੀ ਮਿਲੀ ਪ੍ਰੰਤੂ ਆਸਮਾਨ ਵਿੱਚ ਉੱਡਦੇ ਪਤੰਗਾਂ ਦੇ ਪਿੱਛੇ ਜ਼ਿਆਦਾਤਰ ਚਾਈਨਾਂ ਡੋਰ ਹੀ ਪਾਈ ਗਈ। ਪ੍ਰਸ਼ਾਸਨ ਵਲੋਂ ਰੋਕ ਲਗਾਏ ਜਾਣ ਤੋਂ ਬਾਅਦ ਬੇਸ਼ੱਕ ਸਿਟੀ ਪੁਲਿਸ ਵਲੋਂ ਸ਼ਹਿਰ ਵਿੱਚ ਪਤੰਗਾਂ ਅਤੇ ਡੋਰ ਵੇਚਣ ਵਾਲੀਆਂ ਕੁਝ ਦੁਕਾਨਾਂ ’ਤੇ ਛਾਪੇਮਾਰੀ ਕਰਕੇ ਖਾਨਾਪੂਰਤੀ ਤਾਂ ਜਰੂਰ ਕੀਤੀ ਸੀ, ਪ੍ਰੰਤੂ ਛਾਪੇਮਾਰੀ ਦੌਰਾਨ ਪੁਲਿਸ ਦੇ ਹੱਥ ਪਲਾਸਟਿਕ ਦੀ ਚਾਈਨਾ ਡੋਰ ਤੋਂ ਖਾਲ਼ੀ ਹੀ ਰਹੇ, ਪ੍ਰੰਤੂ ਪਤੰਗਾਂ ਪਿੱਛੇ ਚਾਈਨਾ ਡੋਰ ਆਮ ਹੀ ਦੇਖਣ ਨੂੰ ਮਿਲੀ। ਇਸ ਸਬੰਧੀ ਥਾਣਾ ਸਿਟੀ ਦੇ ਇੰਚਾਰਜ ਹੀਰਾ ਸਿੰਘ ਸੰਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਚਾਈਨਾ ਡੋਰ ਦੀ ਤਲਾਸ਼ ਵਿੱਚ ਕੁਝ ਦਿਨ ਪਹਿਲਾਂ ਹੀ ਵਿਸ਼ੇਸ਼ ਚੈਕਿੰਗ ਕੀਤੀ ਗਈ ਸੀ, ਪ੍ਰੰਤੂ ਇਸ ਦੌਰਾਨ ਕਿਸੇ ਵੀ ਦੁਕਾਨਦਾਰ ਕੋਲੋਂ ਚਾਈਨਾ ਡੋਰ ਦੀ ਬਰਾਮਦਗੀ ਨਹੀ ਹੋਈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਚਾਈਨਾ ਡੋਰ ਵੇਚਦਾ ਪਾਇਆ ਗਿਆ ਤਾਂ ਉਸਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।  ਜਿਕਰਯੋਗ ਹੈ ਕਿ ਚਾਈਨਾ ਡੋਰ ਦੀ ਲਪੇਟ ’ਚ ਆਕੇ ਜ਼ਖ਼ਮੀ ਹੋਣ ਦੀਆਂ ਘਟਨਾਵਾਂ ਰੋਜ਼ਾਨਾਂ ਸੁਣਨ ਅਤੇ ਦੇਖਣ ਨੂੰ ਮਿਲ ਰਹੀਆਂ ਹਨ, ਪ੍ਰੰਤੂ ਇਸ ਦੇ ਬਾਵਜੂਦ ਚਾਈਨਾਂ ਡੋਰ ਦੀ ਧੜੱਲੇ ਨਾਲ ਹੋ ਰਹੀ ਵਿਕਰੀ ਕਈ ਤਰਾਂ ਦੇ ਸਵਾਲ ਖੜ੍ਹੇ ਕਰਦੀ ਹੈ।