ਜਿਲ੍ਹੇ ਵਿੱਚ ਪ੍ਰੀਗਾਬਾਲਿਨ ਦਵਾਈ ਦੀ ਰੋਕ ਲਈ ਕੀਤੀ ਛਾਪੇਮਾਰੀ-ਡਿਪਟੀ ਕਮਿਸ਼ਨਰ

  • 2 ਫਰਮਾਂ ਦੇ 15 ਦਿਨ ਲਈ ਲਾਇਸੰਸ ਮੁਅੱਤਲ ਅਤੇ 2 ਫਰਮਾਂ ਨੂੰ ਜਾਰੀ ਕੀਤੇ ਕਾਰਨ ਦੱਸੋਂ ਨੋਟਿਸ
  • ਡਿਪਟੀ ਕਮਿਸ਼ਨਰ ਵੱਲੋਂ ਦਵਾਈ ਵਿਕਰੇਤਾ ਨੂੰ ਪਾਬੰਦੀਸ਼ੁਦਾ ਦਵਾਈਆਂ ਨਾ ਰੱਖਣ ਦੀ ਅਪੀਲ

ਫਰੀਦਕੋਟ 24 ਸਤੰਬਰ 2024 : ਜਿਲ੍ਹੇ ਵਿੱਚ ਪ੍ਰੀਗਾਬਾਲਿਨ ਦਵਾਈ ਤੇ ਲਗਾਈ ਮੁਕੰਮਲ ਰੋਕ ਨੂੰ ਅਮਲੀ ਜਾਮਾ ਦੇਣ ਦੇ ਮਕਸਦ ਨਾਲ ਜਿਲ੍ਹੇ ਵਿੱਚ ਸੰਤਬਰ ਮਹੀਨੇ ਦੌਰਾਨ ਡਰੱਗ ਕੰਟਰੋਲ ਅਫਸਰ ਅਤੇ ਪੁਲਿਸ ਦੇ ਸਾਂਝੇ ਐਕਸ਼ਨ ਨਾਲ 14 ਦਵਾਈ ਵਿਕਰੇਤਾ ਦੀਆਂ ਦੁਕਾਨਾਂ ਤੇ ਚੈਕਿੰਗ ਕੀਤੀ ਗਈ ਅਤੇ 4 ਫਰਮਾਂ ਤੋਂ ਦਵਾਈ ਬਰਾਮਦ ਕਰਨ ਉਪਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਚੈਕਿੰਗ ਦੌਰਾਨ 4 ਫਰਮਾਂ ਤੋਂ ਡਰੱਗ ਐਂਡ ਕੋਸਮੈਟਿਕ ਐਕਟ 1940 ਦੀ ਉਲੰਘਣਾ ਤਹਿਤ ਪ੍ਰੀਗਾਬਾਲਿਨ ਦਵਾਈਆਂ ਜਬਤ ਕੀਤੀਆਂ ਗਈਆਂ। ਜਿੰਨਾ ਵਿੱਚੋਂ 2 ਫਰਮਾਂ ਦੇ ਲਾਇਸੰਸ 15 ਦਿਨਾਂ ਲਈ ਸਸਪੈਂਡ ਕਰ ਦਿਤੇ ਗਏ ਅਤੇ 2 ਫਰਮਾਂ ਦੇ ਖਿਲਾਫ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਹੁਣ ਤੱਕ ਚੈਕਿੰਗ ਦੌਰਾਨ ਪ੍ਰੀਗਾਬਾਲਿਨ 75 ਮਿਲੀਗ੍ਰਾਮ ਦੀਆਂ ਕੁੱਲ 3754 ਗੋਲੀਆਂ ਅਤੇ 1103 ਕੈਪਸੂਲ ਵੱਖ ਵੱਖ ਫਰਮਾਂ ਤੋਂ ਜਬਤ ਕੀਤੇ ਗਏ ਅਤੇ ਅਦਾਲਤ ਵਿੱਚ ਸੀਲ ਕੀਤੀਆਂ ਦਵਾਈਆਂ ਪੇਸ਼ ਕੀਤੀਆਂ ਗਈਆਂ ਹਨ। ਉਨ੍ਹਾਂ ਮੁੜ ਜਿਲ੍ਹੇ ਦੇ ਦਵਾਈ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਪ੍ਰੀਗਾਬਾਲਿਨ ਦਵਾਈ ਨੂੰ ਸਟੋਰ ਨਾ ਕਰਨ ਅਤੇ ਡਾਕਟਰ ਦੀ ਅਸਲ ਪਰਚੀ ਤੋਂ ਬਿਨਾਂ ਦਵਾਈ ਨਾ ਵੇਚਣ। ਵੇਚੀ ਗਈ ਗੋਲੀ ਅਤੇ ਕੈਪਸੂਲ ਦਾ ਵੀ ਰਿਕਾਰਡ ਰੱਖਣ ਅਤੇ ਖਰੀਦ ਅਤੇ ਵੇਚ ਦਾ ਬਿੱਲ ਸਮੇਤ ਰਿਕਾਰਡ ਰੱਖਣਾ ਯਕੀਨੀ ਬਣਾਉਣ। ਇਸ ਤੋਂ ਇਲਾਵਾ ਅਸਲ ਪਰਚੀ ਦੇ ਉਪਰ ਸਟੈਂਪ ਸਮੇਤ ਇਨ੍ਹਾਂ ਚੀਜਾਂ ਨੂੰ ਵੀ ਯਕੀਨੀ ਬਣਾਇਆ ਜਾਵੇ ਜਿਸ ਵਿੱਚ ਕੈਮਿਸਟ/ ਰਿਟੇਲਰ/ ਟਰੇਡ ਦਾ ਨਾਮ, ਗੋਲੀਆਂ ਖਰੀਦਣ ਦੀ ਮਿਤੀ ਅਤੇ ਗੋਲੀਆਂ ਦੀ ਗਿਣਤੀ ਆਦਿ ਬਾਰੇ ਜਾਣਕਾਰੀ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦਵਾਈ ਵਿਕਰੇਤਾ ਅਜਿਹਾ ਕਰਦਾ ਪਾਇਆ ਗਿਆ ਤਾਂ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।