ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ਨੇ ਕਾਂਗਰਸ ਪਾਰਟੀ ਦੀਆਂ ਜੜਾਂ ਮਜ਼ਬੂਤ ਕੀਤੀਆਂ :ਮਹਿੰਦਰ ਸਿੰਘ ਗਿਲਚੀਆ 

  • ਰਾਹੁਲ ਗਾਂਧੀ ਦੀ ਸਾਦਗੀ, ਸਚਾਈ ਅਤੇ ਸਪਸ਼ਟਤਾ ਨੇ ਪ੍ਰਵਾਸੀ ਭਾਰਤੀਆਂ ਦੇ ਮਨ ਮੋਹੇ
  • ਰਾਜਾ ਵੜਿੰਗ, ਸਿੰਗਲਾ ਅਤੇ ਬਾਵਾ ਦਾ ਅਮਰੀਕਾ ਆਉਣ 'ਤੇ ਕੀਤਾ ਗਿੱਲ ਨੇ ਧੰਨਵਾਦ

ਮੁੱਲਾਂਪੁਰ ਦਾਖਾ, 6 ਜੂਨ : ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ਨੇ ਕਾਂਗਰਸ ਦੀਆਂ ਦੇਸ਼ ਵਿਦੇਸ਼ 'ਚ ਜੜਾਂ ਮਜ਼ਬੂਤ ਕੀਤੀਆਂ। ਪ੍ਰਵਾਸੀ ਭਾਰਤੀ 2024 'ਚ ਭਾਰਤ ਦੀ ਵਾਗਡੋਰ ਰਾਹੁਲ ਗਾਂਧੀ ਦੇ ਹੱਥਾਂ 'ਚ ਦੇਖਣਾ ਚਾਹੁੰਦੇ ਹਨ। ਇਹ ਸ਼ਬਦ ਅੱਜ ਮਹਿੰਦਰ ਸਿੰਘ ਗਿਲਚੀਆ ਪ੍ਰਧਾਨ ਓਵਰਸੀਜ਼ ਕਾਂਗਰਸ ਅਮਰੀਕਾ ਅਤੇ ਓਵਰਸੀਜ਼ ਕਾਂਗਰਸ ਪੰਜਾਬ ਚੈਪਟਰ ਦੇ ਪ੍ਰਧਾਨ ਜੋ ਮੁੱਲਾਂਪੁਰ ਦੇ ਜੰਮਪਲ ਹਨ, ਉਹਨਾਂ ਨੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀਂ ਕਹੇ। ਸ. ਗਿੱਲ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਸਾਦਗੀ, ਸਚਾਈ ਅਤੇ ਸਪਸ਼ਟਤਾ ਨੇ ਪ੍ਰਵਾਸੀ ਭਾਰਤੀਆਂ ਦੇ ਮਨ ਮੋਹੇ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਜੋ 3700 ਕਿੱਲੋਮੀਟਰ ਦੀ ਯਾਤਰਾ ਕਰਕੇ ਭਾਰਤ ਨੂੰ ਜੋੜਨ, ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਦਾ ਬੀੜਾ ਚੁੱਕਿਆ, ਉਸ ਲਈ ਦੇਸ਼ ਅਤੇ ਵਿਦੇਸ਼ਾਂ ਵਿਚ ਵਸੇ ਭਾਰਤੀ ਰਾਹੁਲ ਗਾਂਧੀ ਦੀ ਸੋਚ ਦਾ ਸਤਿਕਾਰ ਕਰਦੇ ਹਨ ਅਤੇ 2024 'ਚ ਭਾਰਤ ਦੀ ਵਾਗਡੋਰ ਰਾਹੁਲ ਗਾਂਧੀ ਦੇ ਹੱਥਾਂ ਵਿਚ ਵੇਖਣੀ ਚਾਹੁੰਦੇ ਹਨ। ਇਸ ਸਮੇਂ ਸ. ਗਿੱਲ ਨੇ ਰਾਹੁਲ ਗਾਂਧੀ ਦੀ ਫੇਰੀ ਦੌਰਾਨ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਆਏ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਸ. ਗਿੱਲ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਭਾਜਪਾ ਦੀਆਂ ਭਾਰਤ ਮਾਰੂ ਨੀਤੀਆਂ ਦਾ ਵਰਨਣ ਕੀਤਾ ਅਤੇ ਉਹਨਾਂ ਦੱਸਿਆ ਕਿ ਜੋ ਵੀ ਸੰਘਰਸ਼, ਸਚਾਈ ਅਤੇ ਆਜ਼ਾਦੀ ਲਈ ਅਰੰਭ ਹੋਏ ਉਹ ਵਿਦੇਸ਼ਾਂ ਤੋਂ ਹੀ ਹੋਏ। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਨੇ ਵੀ ਅਜ਼ਾਦੀ ਦਾ ਸੰਘਰਸ਼ ਸਾਊਥ ਅਫ਼ਰੀਕਾ ਤੋਂ ਸ਼ੁਰੂ ਕੀਤਾ ਸੀ। ਉਹਨਾਂ ਕਿਹਾ ਕਿ ਸ਼੍ਰੀ ਮੋਦੀ ਸਿਰਫ਼ ਨੁਕਤਾਚੀਨੀ ਕਰਨਾ ਜਾਣਦੇ ਹਨ ਅਤੇ ਪਿਛਲੇ ਇਤਿਹਾਸ 'ਤੇ ਦੋਸ਼ ਲਗਾਉਣਾ ਹੀ ਮੋਦੀ ਜੀ ਦਾ ਸ਼ੌਕ ਹੈ, ਜੋ ਭਾਰਤ ਦੇ ਸੁਨਹਿਰੀ ਭਵਿੱਖ ਲਈ ਖ਼ਤਰਨਾਕ ਹੈ। ਉਹਨਾਂ ਸਮੂਹ ਪ੍ਰਵਾਸੀ ਭਾਰਤੀਆਂ ਨੂੰ ਜੋ ਭਾਰਤ ਅੰਦਰ 2024 'ਚ ਸਿਆਸੀ ਪਰਿਵਰਤਨ ਲਿਆਉਣ ਦਾ ਸੱਦਾ ਦਿੱਤਾ ਹੈ ਉਸ ਲਈ ਅਸੀਂ ਸਭ ਸੂਬਿਆਂ ਦੇ ਲੋਕ ਉਹਨਾਂ ਦੇ ਨਾਲ ਹਾਂ। ਸ. ਗਿੱਲ ਨੇ ਇੱਕ ਦਿਨ ਪਹਿਲਾਂ ਵਿਸ਼ੇਸ਼ ਖਾਣੇ 'ਤੇ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਜੇ ਇੰਦਰ ਸਿੰਗਲਾ ਅਤੇ ਕ੍ਰਿਸ਼ਨ ਕੁਮਾਰ ਬਾਵਾ ਵੱਲੋਂ ਸੈਮ ਪਟਰੌਦਾ ਦੇ ਸਹਿਯੋਗ ਨਾਲ ਭਾਰਤ ਅੰਦਰ ਆਈ.ਟੀ. ਦੇ ਯੁੱਗ ਦੀ ਰਾਜੀਵ ਗਾਂਧੀ ਵੱਲੋਂ ਕੀਤੀ ਸ਼ੁਰੂਆਤ ਦੀ ਵੀ ਭਰਪੂਰ ਸਰਾਹਨਾ ਕੀਤੀ। ਇਸ ਸਮੇਂ ਸ. ਗਿੱਲ ਨੇ ਕਿਹਾ ਕਿ ਰਾਜਾ ਵੜਿੰਗ ਵੱਲੋਂ ਅਮਰੀਕਾ ਨਿਊਯਾਰਕ ਦੇ ਜੈਵਿਕ ਸੈਂਟਰ ਮੈਨਹੈਟਨ 'ਚ ਦਿੱਤੇ ਭਾਸ਼ਣ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਜਦੋਂ ਪੰਜਾਬ ਤੋਂ ਬਿਨਾਂ ਹਰਿਆਣਾ, ਹਿਮਾਚਲ, ਤੇਲੰਗਾਨਾ, ਮੱਧ ਪ੍ਰਦੇਸ਼, ਓਡੀਸ਼ਾ, ਕੇਰਲ ਦੇ ਲੋਕਾਂ ਨੇ ਤਾੜੀਆਂ ਨਾਲ ਭਾਸ਼ਣ ਦੀ ਪ੍ਰੋੜ੍ਹਤਾ ਕੀਤੀ ਜਿਸ ਨਾਲ ਹਰ ਪੰਜਾਬੀ ਦਾ ਸਿਰ ਉੱਚਾ ਹੁੰਦਾ ਹੈ। ਇਸ ਸਮੇਂ ਗੁਰਮੀਤ ਸਿੰਘ ਗਿੱਲ ਨੇ ਸ਼੍ਰੀ ਰਾਹੁਲ ਗਾਂਧੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ 'ਤੇ ਲਿਖੀ ਪੁਸਤਕ ਭੇਂਟ ਕੀਤੀ।