ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਔਰਤਾਂ ਦਾ ਸਮਾਜਿਕ ਤੇ ਆਰਥਿਕ ਪੱਧਰ ਉਚਾ ਚੁੱਕਣ ਵਿੱਚ ਹੋ ਰਿਹੈ ਸਹਾਈ : ਪਰਨੀਤ ਸ਼ੇਰਗਿੱਲ

  • ਸਕੀਮ ਅਧੀਨ ਮਹਿਲਾ ਸ਼ਸ਼ਕਤੀਕਰਨ ਲਈ ਔਰਤਾਂ ਦੇ ਸਵੈ-ਸਹਾਇਤਾ ਗਰੁੱਪਾਂ ਦਾ ਘੇਰਾ ਕੀਤਾ ਜਾ ਰਿਹੈ ਵੱਡਾ
  • ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਸਵੈ-ਸਹਾਇਤਾ ਗਰੁੱਪਾਂ ਨੂੰ ਸਰਦ ਰੁੱਤ ਦੀਆਂ ਸਬਜ਼ੀਆਂ ਦੀਆਂ 1500 ਕਿੱਟਾਂ ਵੰਡੀਆਂ

ਫ਼ਤਹਿਗੜ੍ਹ ਸਾਹਿਬ, 22 ਸਤੰਬਰ : ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਪਿੰਡਾਂ ਦੇ ਗਰੀਬ ਪਰਿਵਾਰਾਂ ਨਾਲ ਸਬੰਧਤ ਔਰਤਾਂ ਦਾ ਸਮਾਜਿਕ ਤੇ ਆਰਥਿਕ ਜੀਵਨ ਪੱਧਰ ਉੱਚਾ ਚੁੱਕਣ ਲਈ ਗਠਿਤ ਕੀਤੇ ਗਏ ਸਵੈ-ਸਹਾਇਤਾ ਗਰੁੱਪਾਂ ਦਾ ਘੇਰਾ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਇਹ ਮਿਸ਼ਨ ਮਹਿਲਾ ਸ਼ਸ਼ਕਤੀਕਰਨ ਵਾਸਤੇ ਔਰਤਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਚੱਲ ਰਹੇ ਫਾਰਮ ਲਾਈਵਲੀਹੁੱਡ ਪ੍ਰੋਗਰਾਮ ਤਹਿਤ ਸਵੈ-ਸਹਾਇਤਾ ਸਮੂਹ ਮੈਂਬਰਾਂ ਨੂੰ ਸਰਦ ਰੁੱਤ ਦੀਆਂ ਸਬਜੀਆਂ ਦੀਆਂ 1500 ਕਿੱਟਾਂ ਵੰਡਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਮਿਸ਼ਨ ਤਹਿਤ ਕਾਰਜਸ਼ੀਲ ਨੁਮਾਇੰਦਿਆਂ ਵੱਲੋਂ ਪਿੰਡਾਂ ‘ਚ 10 ਤੋਂ 18 ਗਰੀਬ ਅਤੇ ਅਤਿ ਗਰੀਬ ਔਰਤਾਂ ਦਾ ਗਰੁੱਪ ਬਣਾਇਆ ਜਾਂਦਾ ਹੈ ਅਤੇ ਬੈਂਕਾਂ ਤੇ ਗ੍ਰਾਮ ਸੰਗਠਨਾਂ ਨਾਲ ਜੋੜ ਕੇ ਕਰਜ਼ਾ ਮੁਹੱਈਆ ਕਰਵਾਇਆ ਜਾਂਦਾ ਹੈ ਤਾਂ ਜੋ ਇਹ ਔਰਤਾਂ ਆਪਣੇ ਪਰਿਵਾਰਾਂ ਦੀ ਆਰਥਿਕ ਸਥਿਤੀ ਮਜ਼ਬੂਤ ਕਰ ਸਕਣ। ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੁਰਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ। ਜਿਨ੍ਹਾਂ ਵੱਲੋਂ ਔਰਤਾਂ ਦਾ ਜੀਵਨ ਪੱਧਰ ਉਚਾ ਕਰਨ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਯੋਗ ਲਾਭਪਾਤਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਵਰਨਣਯੋਗ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਅੱਜ ਬਲਾਕ ਖੇੜਾ ਲਈ ਸਬਜੀ ਦੀਆਂ 600 ਕਿੱਟਾਂ, ਬਲਾਕ ਸਰਹਿੰਦ ਲਈ 450 ਕਿੱਟਾਂ ਅਤੇ ਖਮਾਣੋ ਬਲਾਕ ਲਈ 450 ਕਿੱਟਾਂ ਵੰਡੀਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੁਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਨ੍ਹਾਂ ਕਿੱਟਾਂ ਰਾਹੀ ਸਵੈ-ਸਹਾਇਤਾ ਸਮੂਹ ਮੈਂਬਰ ਆਪਣੇ ਘਰਾਂ ਦੀ ਥੋੜੀ ਜਗਾ ਵਿੱਚ ਹੀ ਆਰਗੈਨਿਕ ਤਰੀਕੇ ਨਾਲ ਸਬਜੀਆਂ ਪੈਦਾ ਕਰਕੇ ਆਪਣੇ ਪਰਿਵਾਰ ਲਈ ਸ਼ੁੱਧ ਸਬਜੀਆਂ ਉੱਗਾ ਕੇ ਆਪਣੇ ਪਰਿਵਾਰਾਂ ਵਿੱਚ ਸ਼ਬਜੀਆਂ ਤੇ ਹੋ ਰਹੇ ਖਰਚੇ ਨੂੰ ਘੱਟ ਕਰ ਸਕਣਗੀਆਂ ਅਤੇ ਆਪਣੇ ਜੀਵਨ ਪੱਧਰ ਅਤੇ ਸਿਹਤ ਸੰਬੰਧੀ ਘਰ ਰਹਿ ਕੇ ਹੀ ਕੰਮ ਕਰਨਗੀਆਂ। ਇਸ ਮੌਕੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੀ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਕਮਲਦੀਪ ਕੌਰ, ਬਲਾਕ ਪ੍ਰੋਗਰਾਮ ਮੈਨੇਜ਼ਰ ਮਨਪ੍ਰੀਤ ਸਿੰਘ, ਕੀਰਨਦੀਪ,ਅਨੁਰਾਗ ਸਿੰਘ ਵਿਰਕ ਅਤੇ ਕਲਸਟਰ ਕੋਆਰਡੀਨੇਟਰ ਕਰਮਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਹਾਜਰ ਸਨ।