ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਨਟਰੈਕਟ ਕਾਮਿਆਂ ਨੇ ਡਿੱਪੂ ਦੇ ਗੇਟ ਅੱਗੇ ਕੀਤਾ ਰੋਸ ਪ੍ਰਦਰਸ਼ਨ

ਪੰਜਾਬ ਸਰਕਾਰ ਕੱਚੇ ਕਾਮੇ ਰੈਗੂਲਰ ਕਰਨ ਸਮੇਤ ਮੰਗਾਂ ਕਰੇ ਪੂਰੀਆਂ ਨਹੀਂ ਤਾਂ ਕਰਾਂਗੇ ਚੱਕਾ ਜਾਮ : ਕੰਨਟਰੈਕਟ ਕਾਮੇ
ਬਠਿੰਡਾ 19 ਦਸੰਬਰ (ਅਨਿਲ ਵਰਮਾ) : ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਨਟਰੈਕਟ ਵਰਕਰ ਯੂਨੀਅਨ ਦੀ ਅਗਵਾਈ ਵਿੱਚ ਅੱਜ ਫਿਰ ਕਾਮਿਆਂ ਵੱਲੋਂ ਬਠਿੰਡਾ ਦੇ ਬੱਸ ਸਟੈਂਡ ਡਿੱਪੂ ਦੇ ਗੇਟ ਅੱਗੇ ਰੈਲੀ ਕਰਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਕੱਚੇ ਕਾਮੇ ਰੈਗੂਲਰ ਕਰਨ ਸਮੇਤ ਮੰਨੀਆ ਹੋਈਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਪੂਰੇ ਪੰਜਾਬ ਵਿਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਦੀਪ ਸਿੰਘ, ਕੁਲਵੰਤ ਸਿੰਘ ,ਕੁਲਦੀਪ ਸਿੰਘ, ਯਾਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਵੇਲੇ ਕੱਚੇ ਕਾਮੇ ਰੈਗੂਲਰ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਠੇਕੇ ਤੇ ਭਰਤੀ ਨਾ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਸਭ ਤੋਂ ਪਹਿਲਾਂ ਟਰਾਂਸਪੋਰਟ ਵਿਭਾਗ ਵਿੱਚ ਠੇਕਾ ਆਧਾਰਿਤ ਕਾਮਿਆਂ ਨੂੰ ਕੱਢਿਆ ਜਾ ਰਿਹਾ ਹੈ , ਘੱਟ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ, ਰੈਗੂਲਰ ਕਰਨ ਦੇ ਵਾਅਦੇ ਤੋਂ ਸਰਕਾਰ ਭੱਜਦੀ ਹੋਈ ਨਜ਼ਰ ਆ ਰਹੀ ਹੈ ਜਦੋਂ ਕਿ ਕਈ ਵਾਰ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਵੀ ਹੋਈ ਹੈ ਪਰ ਸਵਾਏ ਭਰੋਸਿਆਂ ਤੋਂ ਕੋਈ ਮਸਲਾ ਹੱਲ ਨਹੀਂ ਹੋਇਆ । ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਦੇ 9 ਡਿੱਪੂਆਂ ਦੇ ਗੇਟ ਤੇ ਰੋਸ ਰੈਲੀਆਂ ਕੀਤੀਆਂ ਗਈਆਂ ਹਨ ਤੇ ਬਾਕੀ ਹੜਤਾਲ ਤੇ ਹਨ ਜੇਕਰ ਸਰਕਾਰ ਨੇ ਅੱਜ ਹੋਣ ਵਾਲੀ ਮੀਟਿੰਗ ਵਿੱਚ ਮੰਗਾਂ ਨਾ ਮੰਨੀਆਂ ਤਾਂ ਪੂਰੇ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਕੱਚੇ ਕਾਮੇ ਰੈਗੂਲਰ ਕੀਤੇ ਜਾਣ, ਇੱਕਸਾਰਤਾ ਤਨਖਾਹ ਦੇਣੀ ਯਕੀਨੀ ਬਣਾਈ ਜਾਵੇ, ਡਿੱਪੂ ਵਿੱਚ ਸਰਕਾਰੀ ਬੱਸਾਂ ਪਾਈਆਂ ਜਾਣ, ਪ੍ਰਾਈਵੇਟ ਟਰਾਂਸਪੋਰਟਰਾਂ ਦੀ ਗੁੰਡਾਗਰਦੀ ਬੰਦ ਕਰਕੇ ਸਾਰੇ ਨਵੇਂ ਰੂਟ ਚਲਾਏ ਜਾਣ।