ਪੰਜਾਬ ਦੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਦੌਰਾ ਕੀਤਾ

ਲੁਧਿਆਣਾ, 5 ਮਈ : ਅੱਜ ਪੰਜਾਬ ਦੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਿਖਲਾਈਆਂ ਅਤੇ ਖੇਤੀ ਮੁਹਾਰਤ ਯੋਜਨਾਵਾਂ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਪੀ ਏ ਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਖੇਤੀ ਮੁਹਾਰਤ ਦੇ ਖੇਤਰ ਵਿਚ ਕਿਸਾਨਾਂ ਤਕ ਪਹੁੰਚਾਈ ਜਾ ਰਹੀ ਨਵੀਨ ਤਕਨਾਲੋਜੀ ਬਾਰੇ ਵੀ ਜਾਣਿਆ। ਡਾ ਬਲਵੀਰ ਸਿੰਘ ਨੇ ਕਿਹਾ ਕਿ ਕਿਸੇ ਸਮੇਂ ਸਾਨੂੰ ਦੇਸ਼ ਦੇ ਲੋਕਾਂ ਦੀਆਂ ਅਨਾਜ ਲੋੜਾਂ ਪੂਰੀਆਂ ਕਰਨ ਲਈ ਵੱਧ ਉਤਪਾਦਨ ਦੀ ਲੋੜ ਸੀ। ਉਦੋਂ ਪੰਜਾਬ ਦੇ ਕਿਸਾਨਾਂ ਅਤੇ ਪੀ ਏ ਯੂ ਮਾਹਿਰਾਂ ਨੇ ਮਿਲ ਕੇ ਇਸ ਕਾਰਜ ਨੂੰ ਸਿਰੇ ਚਾੜ੍ਹਿਆ। ਅੱਜ ਖੇਤੀ ਵਿਚ ਉਤਪਾਦਨ ਦੇ ਨਾਲ ਨਾਲ ਮੁਹਾਰਤ ਦੇ ਵਿਕਾਸ ਦੀ ਲੋੜ ਹੈ। ਹੁਣ ਖੇਤੀ ਨੂੰ ਬਿਨ ਮੁਹਾਰਤ ਦਾ ਕਿੱਤਾ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਇਸ ਖੇਤਰ ਵਿਚ ਪੀ ਏ ਯੂ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ। ਡਾ ਸਿੰਘ ਨੇ ਨਵੀਆਂ ਪਸਾਰ ਅਤੇ ਸਿਖਲਾਈ ਵਿਧੀਆਂ ਬਾਰੇ ਵਿਸਥਾਰ ਨਾਲ ਜਾਣਿਆ। ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਇਸ ਮੌਕੇ ਸਿਹਤ ਮੰਤਰੀ ਨੂੰ ਸ੍ਕਿੱਲ ਡਿਵੈਲਪਮੈਂਟ ਸੈਂਟਰ ਦੀਆਂ ਗਤੀਵਿਧੀਆਂ ਅਤੇ ਕਾਰਜ ਸ਼ੈਲੀ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਦਾ ਮੰਤਵ ਕਿਸਾਨਾਂ ਅਤੇ ਖੇਤੀ ਉੱਦਮੀਆਂ ਨੂੰ ਵੱਧ ਤੋਂ ਵੱਧ ਆਪਣੇ ਕਾਰਜ ਵਿਚ ਨਵੀਆਂ ਤਕਨਾਲੋਜੀਆਂ ਸ਼ਾਮਿਲ ਕਰਕੇ ਸਵੈ ਰੁਜ਼ਗਾਰ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਇਸ ਦਿਸ਼ਾ ਵਿਚ ਪਾਬੀ ਵਲੋਂ ਚਲਾਏ ਜਾ ਰਹੇ ਉਡਾਣ ਤੇ ਉੱਦਮ ਪ੍ਰੋਗਰਾਮਾਂ ਬਾਰੇ ਦੱਸਿਆ। ਡਾ ਰਿਆੜ ਨੇ ਇਹ ਵੀ ਦੱਸਿਆ ਕਿ ਹੁਣ ਤਕ ਇਸ ਕੇਂਦਰ ਤੋਂ ਸਿਖਲਾਈ ਹਾਸਿਲ ਕਰਨ ਵਾਲੇ ਦਰਜਨਾਂ ਉੱਦਮੀਆਂ ਨੂੰ ਮਾਲੀ ਇਮਦਾਦ ਹਾਸਿਲ ਹੋਈ ਹੈ। ਨਾਲ ਹੀ ਭਾਰਤ ਸਰਕਾਰ ਵਲੋਂ ਰਾਸ਼ਟਰੀ ਪੱਧਰ ਤੇ ਇਸ ਕੇਂਦਰ ਦੇ ਯੋਗਦਾਨ ਨੂੰ ਪਛਾਣਿਆ ਗਿਆ ਹੈ। ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ ਕੁਲਦੀਪ ਸਿੰਘ ਨੇ ਸਿਹਤ ਮੰਤਰੀ ਦਾ ਸਵਾਗਤ ਕੀਤਾ। ਇਸ ਮੌਕੇ ਸਿਹਤ ਮੰਤਰੀ ਨੂੰ ਕੇਂਦਰ ਦੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਅੰਤ ਵਿੱਚ ਡਾ ਰੁਪਿੰਦਰ ਕੌਰ ਤੂਰ ਨੇ ਧੰਨਵਾਦ ਦੇ ਸ਼ਬਦ ਕਹੇ।