ਪੰਜਾਬ ਸਰਕਾਰ ਔਰਤਾਂ ਦਾ ਵਿਦੇਸ਼ਾਂ ਵਿੱਚ ਸ਼ੋਸ਼ਣ ਰੋਕਣ ਲਈ ਉਲੀਕੇਗੀ ਨਵੀਂ ਨੀਤੀ : ਵਿਧਾਇਕ ਰਾਏ

  • ਪਾਲਿਸੀ ਉਲੀਕਣ ਬਾਰੇ 11 ਜੂਨ ਨੂੰ ਜਲੰਧਰ ਵਿਖੇ ਹੋਵੇਗੀ ਪੀੜ੍ਹਤਾਂ ਨਾਲ ਵਿਚਾਰ ਚਰਚਾ
  • ਵਿਦੇਸ਼ਾਂ ਦੀ ਆੜ ਵਿੱਚ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਔਰਤਾਂ ਨੂੰ ਵਿਚਾਰ ਚਰਚਾ ਵਿੱਚ ਭਾਗ ਲੈਣ ਦਾ ਖੁੱਲ੍ਹਾ ਸੱਦਾ

ਫ਼ਤਹਿਗੜ੍ਹ ਸਾਹਿਬ, 08 ਜੂਨ : ਪੰਜਾਬ ਸਰਕਾਰ ਸੂਬੇ ਦੀਆਂ ਔਰਤਾਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਉਨ੍ਹਾਂ ਨਾਲ ਹੁੰਦੇ ਸ਼ੋਸ਼ਣ ਨ  ਰੋਕਣ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਔਰਤਾਂ ਦੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਰਾਜ ਪੱਧਰੀ ਪਾਲਿਸੀ ਉਲੀਕਣ ਲਈ ਪੀੜ੍ਹਤਾਂ ਨਾਲ 11 ਜੂਨ ਨੂੰ ਜਲੰਧਰ ਵਿਖੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਦੀ ਪ੍ਰਧਾਨਗੀ ਹੇਠ ਵਿਚਾਰ ਚਰਚਾ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਦੱਸਿਆ ਕਿ ਪੰਜਾਬ ਦੀਆਂ ਮਹਿਲਾਵਾਂ ਜੋ ਵਿਦੇਸ਼ਾਂ ਵਿਚ ਜਾਣ ਦੀਆਂ ਇੱਛੁੱਕ ਹਨ, ਉਥੇ ਵੱਸੀਆਂ ਹੋਈਆਂ ਹਨ ਜਾਂ ਵਾਪਸ ਆ ਚੁੱਕੀਆ ਹਨ ਦੇ ਹੱਕਾਂ ਦੀ ਰਾਖੀ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾ ਰਿਹਾ ਹੈ। ਵਿਧਾਇਕ ਨੇ ਦੱਸਿਆ ਕਿ ਕੁੱਝ ਏਜੰਟਾਂ ਵੱਲੋਂ ਸੂਬੇ ਦੀਆਂ ਮਹਿਲਾਵਾਂ ਨੂੰ ਵਿਦੇਸ਼ਾਂ ਵਿਚ ਗੈਰ ਕਾਨੂੰਨੀ ਢੰਗ ਨਾਲ ਭੇਜਣ ਦੇ ਮੰਤਵ ਨਾਲ ਨੌਕਰੀ ਦਾ ਝਾਂਸਾ ਦੇਣ ਅਤੇ ਗਲਤ ਬਿਆਨ ਬਾਜ਼ੀ ਕਰਕੇ ਉਨ੍ਹਾਂ ਨਾਲ ਕਈ ਤਰ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਇਸ ਸਥਿਤੀ ਤੇ ਕਾਬੂ ਪਾਉਂਣ ਲਈ ਪੰਜਾਬ ਸਰਕਾਰ ਵੱਲੋਂ ਇਕ ਰਾਜ ਪੱਧਰੀ ਪਾਲਿਸੀ ਤਿਆਰ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪਾਲਿਸੀ ਵਿਚ ਹਰ ਤਰ੍ਹਾਂ  ਦਾ ਸ਼ੋਸਣ ਭੁਗਤ ਚੁੱਕੀਆ ਔਰਤਾਂ ਦੇ ਦੁਖਾਂਤ ਨੂੰ ਸੁਣਨ ਅਤੇ ਉਨ੍ਹਾਂ ਦੇ ਸੁਝਾਵਾਂ ਨੂੰ ਪਾਲਿਸੀ ਵਿਚ ਸ਼ਾਮਿਲ ਕਰਨ ਲਈ 11 ਜੂਨ ਨੂੰ ਡਿਪਟੀ ਕਮਿਸ਼ਨਰ, ਜਲੰਧਰ ਦੇ ਦਫਤਰ ਵਿਖੇ 11.00 ਤੋਂ 1.00 ਵਜੇ ਤੱਕ ਵਿਚਾਰ ਚਰਚਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ. ਰਾਏ ਨੇ ਕਿਹਾ ਕਿ ਮਹਿਲਾਵਾਂ ਦੇ ਸ਼ੋਸ਼ਣ ਸਬੰਧੀ ਘਟਨਾਵਾਂ ਖਾਸ ਤੌਰ ਤੇ ਅਮਰੀਕਾ, ਕਨੇਡਾ, ਆਸਟ੍ਰੇਲੀਆ, ਨਿਯੂਜੀਲੈਡ, ਮੱਧ  ਪੂਰਬੀ ਦੇਸ਼ ਜਿਵੇਂ  ਕੁਵੈਤ, ਦੁਬੰਈ ਓਮਾਨ ਆਦਿ ਤੋਂ ਅਜਿਹੀਆਂ ਮੰਦਭਾਗੀ ਘਟਨਾਵਾਂ ਦੀ ਰਿਪੋਰਟ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾੜੇ ਵਤੀਰੇ ਨੂੰ ਸੂਬਾ ਸਰਕਾਰ ਵੱਲੋਂ ਗੰਭੀਰਤਾ ਨਾਲ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਐਨ.ਆਰ.ਆਈ ਵਿਅਕਤੀਆਂ/ਏਜੰਟਾਂ/ਰਿਸ਼ਤੇਦਾਰਾਂ ਦੇ ਝਾਂਸੇ ਵਿੱਚ ਆ ਕੇ ਧੋਖਾ ਖਾ ਚੁੱਕੀਆਂ ਮਹਿਲਾਵਾਂ ਨੂੰ ਇਸ ਵਿਚਾਰ ਚਰਚਾ ਵਿਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਜ  ਦੇ ਵੱਖ ਵੱਖ  ਡਿਪਟੀ ਕਮਿਸ਼ਨਰਾਂ ਵੱਲੋਂ ਆਪਣੇ ਜ਼ਿਲ੍ਹਿਆਂ ਤੋਂ ਅਜਿਹੀਆਂ ਔਰਤਾਂ, ਜੋ ਵਿਦੇਸ਼ਾਂ ਵਿਚ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਹਨ, ਨੂੰ ਇਸ ਵਿਚਾਰ ਚਰਚਾ ਵਿਚ ਸ਼ਾਮਲ ਹੋਣ ਲਈ ਪੱਤਰ ਵੀ ਲਿਖਿਆ ਗਿਆ ਹੈ। ਵਧੇਰੇ ਜਾਣਕਾਰੀ ਲਈ ਫੋਨ ਨੰ: 0181-2253285, 70092-39158 ਅਤੇ ਸਖੀ ਵਨ ਸਟਾਪ ਸੈਂਟਰ, ਜਲੰਧਰ 90231-31010 ਤੇ ਸੰਪਰਕ ਕੀਤਾ ਜਾ ਸਕਦਾ ਹੈ