ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਦੀ ਫਸਲ ਦੇ ਬਚਾਅ ਲਈ ਪੰਜਾਬ ਸਰਕਾਰ ਯਤਨਸ਼ੀਲ : ਵਿਧਾਇਕ ਫਾਜ਼ਿਲਕਾ

  • ਐਸੋਸੀਏਸ਼ਨ ਵੱਲੋਂ ਕਿਸਾਨਾਂ ਲਈ 6.5 ਕੁਇੰਟਲ ਝੋਨੇ ਦਾ ਬੀਜ ਮੁਹੱਈਆ ਕਰਵਾਉਣਾ ਸ਼ਲਾਘਾਯੋਗ ਕਦਮ

ਫਾਜ਼ਿਲਕਾ, 18 ਜੁਲਾਈ : ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਮੁੜ ਲੀਹ *ਤੇ ਲਿਆਉਣ ਲਈ ਪ੍ਰਸ਼ਾਸਨਿਕ ਅਧਿਕਾਰੀ, ਰਾਜਨੀਤਿਕ ਨੁਮਾਇੰਦੇ ਤੇ ਖੇਤੀਬਾੜੀ ਤੇ ਕਿਸਾਨ ਪਰਿਵਾਰ ਭਲਾਈ ਵਿਭਾਗ ਲੋਕਾਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣ ਵਿਚ ਦਿਨ ਰਾਤ ਲਗੇ ਹੋਏ ਹਨ ਉਥੇ ਸਮਾਜ ਸੇਵੀ ਸੰਸਥਾਵਾਂ ਤੇ ਵੱਖਵੱਖ ਕਿਤਿਆ ਨਾਲ ਸਬੰਧਤ ਐਸੋਸੀਏਸ਼ਨ ਵੀ ਆਪਣਾ ਯੋਗਦਾਨ ਪਾ ਰਹੀਆਂ ਹਨ। ਇਸ ਕੜੀ ਤਹਿਤ ਫਾਜ਼ਿਲਕਾ ਦੇ ਵਿਧਾਇਕ ਸ. ਨਰਿੰਦਰ ਪਾਲ ਸਿੰਘ ਸਵਨਾ ਦੀ ਅਗਵਾਈ ਹੇਠ ਮੁੱਖ ਖੇਤੀਬਾੜੀ ਅਫਸਰ ਸ. ਗੁਰਮੀਤ ਸਿੰਘ ਚੀਮਾ ਬੀਜ ਪੈਸਟੀਸਾਈਡਜ ਫਰਟੀਲਾਈਜਰ ਐਂਡ ਸੀਡਜ ਸ਼ਾਪਕੀਪਰ ਵੈਲਫੇਅਰ ਐਸੋਸੀਏਸ਼ਨ ਫਾਜ਼ਿਲਕਾ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ 1692 ਕਿਸਮ ਦਾ 6.5 ਕੁਇੰਟਲ ਝੋਨੇ ਦਾ ਬੀਜ ਮੁਹੱਈਆ ਕਰਵਾਇਆ ਗਿਆ। ਵਿਧਾਇਕ ਫਾਜ਼ਿਲਕਾ ਸ. ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ ਪ੍ਰਭਾਵਿਤ ਖੇਤਰਾਂ ਨੂੰ ਉਭਾਰਨ ਵਿਚ ਕੋਈ ਕਮੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਰੇਕ ਤਰ੍ਹਾਂ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਚਾਹੇ ਉਹ ਲੋਕਾਂ ਦੇ ਖਾਣ—ਪੀਣ ਦਾ ਹੋਵੇ, ਦਵਾਈਆਂ, ਸਮਾਨ ਨੂੰ ਢੱਕਣ ਲਈ ਤਰਪਾਲਾਂ ਦਾ ਪ੍ਰਬੰਧ ਹੋਵੇ, ਪਸ਼ੂਆਂ ਵਾਸਤੇ ਹਰਾ ਚਾਰਾ, ਤੂੜੀ ਦਾ ਪ੍ਰਬੰਧ ਆਦਿ ਹੋਰ ਲੋੜੀਂਦੇ ਪ੍ਰਬੰਧਾਂ ਦੀ ਪੂਰਤੀ ਕੀਤੀ ਜਾ ਰਹੀ ਹੈ। ਨਰਿੰਦਰ ਪਾਲ ਸਿੰਘ ਸਵਨਾ ਨੇ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੀਜਾਂ ਦੀ ਵੰਡ ਕਿਸਾਨਾਂ ਲਈ ਕਾਫੀ ਮਦਦਗਾਰ ਸਾਬਿਤ ਹੋਵੇਗੀ।ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਮੁਹੱਈਆ ਕਰਵਾਏ ਗਏ ਬੀਜਾਂ ਨਾਲ ਕਿਸਾਨ ਖਰਾਬ ਹੋਈ ਫਸਲ ਦੀ ਦੁਬਾਰਾ ਬਿਜਾਈ ਕਰ ਸਕਣਗੇ ਅਤੇ ਝੋਨੇ ਦੀ ਫਸਲ ਦੀ ਬਿਜਾਈ ਲਈ ਅਜੇ ਵੀ ਬਾਸਮਤੀ ਦੀਆਂ ਕੁਝ ਕਿਸਮਾਂ ਜਿਵੇਂ ਕਿ 1509, 1692 ਆਦਿ ਕਿਸਮਾਂ ਦਾ ਸਹੀ ਸਮਾਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਕੀਤੇ ਜਾ ਰਹੇ ਅਜਿਹੇ ਸਹਿਯੋਗ ਸਦਕਾ ਸਭ ਨੂੰ ਹੌਂਸਲਾ ਅਫਜਾਈ ਮਿਲਦੀ ਹੈ। ਮੁੱਖ ਖੇਤੀਬਾੜੀ ਅਫਸਰ ਸ. ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਖੇਤੀਬਾੜੀ ਵਿਭਾਗ ਹਮੇਸ਼ਾ ਹੀ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਕਿਸਾਨਾ ਨੂੰ ਚੰਗੀ ਫਸਲ ਦੀ ਪ੍ਰਾਪਤੀ ਲਈ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ।ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਸਥਿਤੀ ਦੌਰਾਨ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਹੋਵੇ ਇਸ ਲਈ ਕਿਸਾਨਾਂ ਦੀ ਮੰਗ ਅਨੁਸਾਰ ਲਗਾਤਾਰ ਬੀਜ, ਖਾਦਾਂ, ਨਦੀਨਾਸ਼ਕ ਮੁਹੱਈਆ ਕਰਵਾਏ ਗਏ ਹਨ ਤੇ ਹਰ ਪ੍ਰਕਾਰ ਦੀ ਸਹਾਇਤਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਖੁਦ ਤਾਂ ਕਿਸਾਨਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਨਾਲ ਹੀ ਵੱਖ—ਵੱਖ ਸਮਾਜ ਸੇਵੀ ਸੰਸਥਾਵਾਂ ਤੇ ਐਸੋਸੀਏਸ਼ਨਾਂ ਨਾਲ ਰਾਬਤਾ ਕਰਕੇ ਵੀ ਬਣਦਾ ਸਹਿਯੋਗ ਲਿਆ ਜਾ ਰਿਹਾ ਹੈ। ਉਨ੍ਹਾਂ ਹੋਰਨਾਂ ਐਸੋਸੀਏਸ਼ਨਾਂ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਦੀਆਂ ਫਸਲਾਂ ਲਈ ਬੀਜ ਜਾਂ ਪਨੀਰੀ ਆਦਿ ਦਾ ਲੰਗਰ ਲਗਾਇਆ ਜਾਵੇ ਤਾਂ ਜ਼ੋ ਹੜ੍ਹ ਪੀੜਤ ਕਿਸਾਨ ਮੁੜ ਤੋਂ ਫਸਲ ਦੀ ਬਿਜਾਈ ਕਰ ਸਕਣ। ਇਸ ਮੌਕੇ ਵਿਕੀ ਕੁਮਾਰ ਏ.ਡੀ.ਓ. ਐਨਫੋਰਸਮੈਂਟ ਹੈਡਕਵਾਟਰ, ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੰਬੋਜ਼, ਸਕੱਤਰ ਸੰਜੀਵ ਧੂੜੀਆ, ਕੈਸ਼ੀਅਰ ਅਮਨ ਢਿੱਲੋਂ ਤੋਂ ਇਲਾਵਾ ਖੇਤੀਬਾੜੀ ਵਿਭਾਗ ਦਾ ਸਟਾਫ ਮੌਜੂਦ ਸੀ।