ਪਟਿਆਲਾ ਦੀ ਵਿਰਾਸਤੀ ਸੈਂਟਰਲ ਸਟੇਟ ਲਾਇਬ੍ਰੇਰੀ ਨੂੰ ਸੰਭਾਲੇਗੀ ਪੰਜਾਬ ਸਰਕਾਰ - ਜੌੜਾਮਾਜਰਾ

  • - ਖਸਤਾ ਹਾਲ ਹੋਏ ਆਡੀਟੋਰੀਅਮ ਨੂੰ ਵਰਲਡ ਕਲਾਸ ਆਡੀਟੋਰੀਅਮ ਬਣਾਇਆ ਜਾਵੇਗਾ-ਕੋਹਲੀ
  • - ਅਜਿਹੇ ਮੇਲੇ ਲੱਗਣ ਨਾਲ ਸਟੇਟ ਲਾਇਬ੍ਰੇਰੀ ਅਸਲ ਅਰਥਾਂ 'ਚ ਹੁਣ ਬਣੀ ਲੋਕਾਂ ਦੀ ਲਾਇਬ੍ਰੇਰੀ-ਪਠਾਣਮਾਜਰਾ
  • - ਯੰਗ ਹਿਸਟੋਰੀਅਨ ਸਿਮਰ ਸਿੰਘ ਦੀ ਪੁਸਤਕ ਰਿਆਸਤ-ਏ-ਪਟਿਆਲਾ ਜਾਰੀ
  • - ਕਲਾ, ਸਾਹਿਤ ਤੇ ਇਤਿਹਾਸਕ ਪ੍ਰਦਰਸ਼ਨੀ ਸਮੇਤ ਛੋਟੇ ਬੱਚਿਆਂ ਲਈ ਦੀਪਥਾ ਵਿਵੇਕਾਨੰਦ ਦੀਆਂ ਕਿੱਸੇ ਕਹਾਣੀਆਂ, ਯੋਗਾ ਤੇ ਹਸਤਕਲਾ ਵਸਤਾਂ ਰਹੀਆਂ ਖਿੱਚ ਦਾ ਕੇਂਦਰ
  • - ਪਟਿਆਲਾ ਲਿਟਰੇਚਰ ਫੈਸਟੀਵਲ ਤਹਿਤ ਸਟੇਟ ਲਾਇਬ੍ਰੇਰੀ 'ਚ ਲੱਗੀਆਂ ਵਿਰਾਸਤੀ ਰੌਣਕਾਂ

ਪਟਿਆਲਾ, 27 ਜਨਵਰੀ : ਪਟਿਆਲਾ ਦੀ ਮੁਸਾਫ਼ਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ ਵਿੱਚ ਅੱਜ ਪਟਿਆਲਾ ਲਿਟਰੇਚਰ ਫੈਸਟੀਵਲ ਤਹਿਤ ਲੱਗੀਆਂ ਵਿਰਾਸਤੀ ਰੌਣਕਾਂ ਦਾ ਗਵਾਹ ਬਣਦਿਆਂ ਪੰਜਾਬ ਦੇ ਬਾਗਬਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਅਤੇ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਅੱਖੋਂ ਪਰੋਖੇ ਕੀਤੀ ਗਈ ਵਿਰਾਸਤੀ ਲਾਇਬ੍ਰੇਰੀ ਨੂੰ ਹੁਣ ਸੰਭਾਲਿਆ ਜਾਵੇਗਾ। ਕੋਵਿਡ ਮਹਾਂਮਾਰੀ ਤੋਂ ਬਾਅਦ ਪਟਿਆਲਾ ਵਿਖੇ ਮੁੜ ਸੁਰਜੀਤ ਹੋਏ ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ ਸਟੇਟ ਲਾਇਬ੍ਰੇਰੀ ਵਿਖੇ ਪਟਿਆਲਾ ਲਿਟਰੇਚਰ ਫੈਸਟੀਵਲ ਦਾ ਉਦਘਾਟਨ ਕਰਨ ਮੌਕੇ ਜੌੜਾਮਾਜਰਾ, ਕੋਹਲੀ ਤੇ ਪਠਾਣਮਾਜਰਾ ਨੇ 'ਪਹਿਲ (ਪੀਪਲ ਫਾਰ ਆਰਟ, ਹੈਰੀਟੇਜ ਐਂਡ ਲਿਟਰੇਚਰ) ਸੰਸਥਾ' ਦੇ ਸਹਿਯੋਗ ਨਾਲ ਲਗਾਈ ਪਟਿਆਲਾ ਸ਼ਹਿਰ ਦੀਆਂ ਇਤਿਹਾਸਕ ਕਲਾਕ੍ਰਿਤੀਆਂ ਨੂੰ ਦਰਸਾਉਂਦੀ ਕਲਾ ਪ੍ਰਦਰਸ਼ਨੀ 'ਆਰਟਿਸਟ੍ਰੀ' ਦਾ ਰਿਬਨ ਕੱਟਿਆ ਅਤੇ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਫਾਈਨ ਆਰਟਸ ਦੇ ਵਿਦਿਆਰਥੀਆਂ ਵੱਲੋਂ ਬਣਾਏ ਚਿੱਤਰਾਂ ਨੂੰ ਨਿਹਾਰਿਆ। ਉਨ੍ਹਾਂ ਦੇ ਨਾਲ ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਵੱਖ-ਵੱਖ ਰਿਆਸਤਾਂ ਦੇ ਸ਼ਾਹੀ ਪਰਿਵਾਰ ਨਾਭਾ ਸ਼ਾਹੀ ਪਰਿਵਾਰ ਤੋਂ ਰਾਣੀ ਪ੍ਰੀਤੀ ਕੌਰ, ਰਾਜਾ ਭਾਨੂੰ ਪ੍ਰਤਾਪ ਸਿੰਘ, ਅਭੀਉਦੇ ਪ੍ਰਤਾਪ ਸਿੰਘ, ਕਰਨਲ ਅਮਨਦੀਪ ਸ਼ੇਰਗਿੱਲ, ਬਾਗੜੀਆਂ ਸ਼ਾਹੀ ਪਰਿਵਾਰ, ਚੰਮਬੇਰ ਸ਼ਾਹੀ ਪਰਿਵਾਰ ਤੇ ਕਸ਼ਮੀਰ ਸ਼ਾਹੀ ਪਰਿਵਾਰਾਂ ਦੇ ਮੈਂਬਰ, ਕਰਨਲ ਸ਼ਰੀ ਗਰੇਵਾਲ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਰਹੇ। ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ ਪਏ ਅਨਮੁੱਲ ਖ਼ਜ਼ਾਨੇ ਦੇ ਡਿਜ਼ੀਟਲਾਈਜੇਸ਼ਨ ਲਈ 8.26 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਉਨ੍ਹਾਂ ਅਫ਼ਸੋਸ ਜਤਾਇਆ ਕਿ ਜਿਨ੍ਹਾਂ ਦੇ ਪੁਰਖਿਆਂ 'ਤੇ ਪਟਿਆਲਾ ਵੱਸਿਆ ਹੋਇਆ ਹੈ, ਉਨ੍ਹਾਂ ਨੇ ਆਪਣੇ ਰਾਜ 'ਚ ਵੀ ਇਸ ਵਿਰਾਸਤੀ ਲਾਇਬ੍ਰੇਰੀ ਦੀ ਕਦੇ ਸਾਰ ਨਹੀਂ ਲਈ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਪ੍ਰਸ਼ਾਸਨ ਵੱਲੋਂ ਉਲੀਕੇ ਹੈਰੀਟੇਜ ਫੈਸਟੀਵਲ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੈਂਟਰਲ ਸਟੇਟ ਲਾਇਬ੍ਰੇਰੀ ਦੇ ਖਸਤਾ ਹਾਲ ਹੋਏ ਆਡੀਟੋਰੀਅਮ ਨੂੰ ਵੀ ਵਰਲਡ ਕਲਾਸ ਆਡੀਟੋਰੀਅਮ ਬਣਾਇਆ ਜਾਵੇਗਾ। ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਅਣਗੌਲੀ ਲਾਇਬ੍ਰੇਰੀ ਅਸਲ ਅਰਥਾਂ ਵਿੱਚ ਹੁਣ ਲੋਕਾਂ ਦੀ ਲਾਇਬ੍ਰੇਰੀ ਬਣੀ ਹੈ।  ਇਸ ਦੌਰਾਨ ਵਿਸ਼ਵ ਦੇ ਸਭ ਤੋਂ ਛੋਟੀ ਉਮਰ ਦੇ ਇਤਿਹਾਸਕਾਰ 'ਯੰਗ ਹਿਸਟੋਰੀਅਨ' ਸਿਮਰ ਸਿੰਘ ਦੀ ਪੁਸਤਕ ਸੰਖੇਪ ਇਤਿਹਾਸ ਸ਼ਾਹੀ ਸ਼ਹਿਰ ਪਟਿਆਲਾ 'ਰਿਆਸਤ-ਏ-ਪਟਿਆਲਾ' ਜਾਰੀ ਕੀਤੀ ਗਈ। ਜਦੋਂਕਿ ਬਾਗੜੀਆਂ ਤੋਂ ਭਾਈ ਦਿਲਾਵਰ ਸਿੰਘ, ਭਾਈ ਤਰਨਵੀਰ ਸਿੰਘ ਦੀਆਂ ਦੋ ਕਿਤਾਬਾਂ ਇਤਿਹਾਸ ਬਾਗੜੀਆਂ ਤੇ ਇਲਾਈਟ ਹਾਊਸ ਆਫ਼ ਬਾਗੜੀਆ, ਡਾ. ਗੁਰਿੰਦਰਪਾਲ ਸਿੰਘ ਜੋਸਨ ਦੀ ਮਿਸ਼ਨ ਸਾਰਾਗੜ੍ਹੀ ਵੀ ਜਾਰੀ ਕੀਤੀ ਗਈ। ਇਸ ਮੌਕੇ ਹਿਸਟੋਰੀਅਨ ਸਿਮਰ ਸਿੰਘ ਦੀ ਟੀਮ ਵੱਲੋਂ 100 ਸਾਲ ਤੋਂ ਵੱਧ ਪੁਰਾਤਨ ਕਿਤਾਬਾਂ ਨੂੰ ਮੁੜ ਛਾਪਣ ਦਾ ਪ੍ਰੋਜੈਕਟ ਵੀ ਆਰੰਭ ਕੀਤਾ ਗਿਆ। ਇਤਿਹਾਸਕਾਰ ਸਿਮਰ ਸਿੰਘ ਵੱਲੋਂ ਇਤਿਹਾਸ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ 'ਚ ਸੈਂਕੜੇ ਸਾਲ ਪੁਰਾਣੇ ਇਤਿਹਾਸ ਨੂੰ ਬਾਖੂਬੀ ਦਰਸਾਇਆ ਗਿਆ। ਜਦਕਿ ਲੁਧਿਆਣਾ ਤੋਂ ਨਰਿੰਦਪਾਲ ਸਿੰਘ, ਪਟਿਆਲਾ ਤੋਂ ਏ.ਐਸ. ਚਾਹਲ ਸਮੇਤ ਵੱਖ-ਵੱਖ ਸੰਸਥਾਵਾਂ ਵੱਲੋਂ ਵਿਰਾਸਤ ਨਾਲ ਸਬੰਧਤ ਸਟਾਲ ਵੀ ਲਗਾਏ ਗਏ, ਜਿਨ੍ਹਾਂ ਵੱਲ ਦਰਸ਼ਕਾਂ ਨੇ ਵਿਸ਼ੇਸ਼ ਰੁਚੀ ਦਿਖਾਈ। ਇਸ ਮੌਕੇ ਲੇਖਕ ਬਲਵਿੰਦਰ ਸਿੰਘ ਗਰੇਵਾਲ ਦੀ ਪੁਸਤਕ ਡਬੋਲੀਆ 'ਤੇ ਬਲਦੇਵ ਸਿੰਘ ਧਾਲੀਵਾਲ ਤੇ ਗੁਰਮੁੱਖ ਸਿੰਘ ਨੇ ਚਰਚਾ ਕੀਤੀ। ਸਮਾਰੋਹ ਮੌਕੇ ਪਹਿਲ ਦੇ ਸਹਿਯੋਗ ਨਾਲ ਬੱਚਿਆਂ ਲਈ ਕਹਾਣੀਆਂ ਸੁਣਾਉਣ ਦੇ ਉਲੀਕੇ ਪ੍ਰੋਗਰਾਮ 'ਕਿੱਸੇ ਕਹਾਣੀਆਂ' ਵਿੱਚ ਉੱਘੀ ਕਹਾਣੀ ਵਾਚਕ ਦੀਪਥਾ ਵਿਵੇਕਾਨੰਦ ਵੱਲੋਂ ਸੁਣਾਈਆਂ ਕਹਾਣੀਆਂ ਦਾ ਛੋਟੇ ਬੱਚਿਆਂ ਨੇ ਝੂਮ-ਝੂਮ ਕੇ ਖ਼ੂਬ ਆਨੰਦ ਮਾਣਿਆ। ਜਦੋਂਕਿ ਪਹਿਲ ਸੰਸਥਾ ਤੋਂ ਕੈਵੀ ਘੁੰਮਣ ਵੱਲੋਂ 'ਟਾਂਕੇ ਤੋਪੇ' ਵਰਕਸ਼ਾਪ 'ਚ ਫੁਲਕਾਰੀ ਦੀ ਕਢਾਈ ਦੇ ਵੱਖ-ਵੱਖ ਰੂਪ ਫੁਲਕਾਰੀ ਟਾਂਕਾ, ਕਾਟੀ ਟਾਂਕਾ, ਗੱਠ ਟਾਂਕਾ, ਸੁੰਦਰ ਟਾਂਕਾ ਆਦਿ ਸਿਖਾਏ ਗਏ। ਵੱਡੀ ਗਿਣਤੀ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ, ਸਾਹਿਤ ਪ੍ਰੇਮੀ, ਛੋਟੇ ਬੱਚਿਆਂ ਸਮੇਤ ਹਰ ਉਮਰ ਵਰਗ ਦੇ ਲੋਕਾਂ ਨੇ ਪਟਿਆਲਾ ਸਥਿਤ ਵੱਡੇ ਖ਼ਜ਼ਾਨੇ, ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ ਹੋਏ ਕਲਾ ਪ੍ਰਦਰਸ਼ਨੀ, ਕਰਾਫਟ ਵਰਕਸ਼ਾਪ ਅਤੇ ਰੀਡਿੰਗ ਵਰਕਸ਼ਾਪ (ਖਜ਼ਾਨਾ ਖੋਜ), ਅਰਬਿੰਦੋ ਇੰਟਰਨੈਸ਼ਨਲ ਸਕੂਲ ਵੱਲੋਂ ਯੋਗਾ ਸਮੇਤ ਹੋਰ ਵੱਖ-ਵੱਖ ਪ੍ਰੋਗਰਾਮਾਂ ਦਾ ਆਨੰਦ ਮਾਣਿਆ। ਇਸ ਦੌਰਾਨ ਨੈਸ਼ਨਲ ਬੁਕ ਟਰਸਟ, ਪੰਜਾਬੀ ਯੂਨੀਵਰਸਿਟੀ ਅਤੇ ਭਾਸ਼ਾ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ, ਸਾਕੇਤ ਨਸ਼ਾ ਮੁਕਤੀ ਕੇਂਦਰ, ਜਨ ਹਿਤ ਸੰਮਤੀ, ਪਟਿਆਲਾ ਸੋਸ਼ਲ ਵੈਲਫੇਅਰ ਦੀਆਂ ਸਟਾਲਾਂ ਤੋਂ ਇਲਾਵਾ ਵੱਖ-ਵੱਖ ਸਕੂਲੀ ਵਿਦਿਆਰਥੀਆਂ ਨੇ ਸੱਭਿਆਚਾਰਕ ਸਮਾਗਮ ਵਿੱਚ ਹਿੱਸਾ ਲਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ, ਏ.ਸੀ. ਯੂਟੀ. ਡਾ. ਅਕਸ਼ਿਤਾ ਗੁਪਤਾ, ਐਸ.ਡੀ.ਐਮਜ਼ ਚਰਨਜੀਤ ਸਿੰਘ ਤੇ ਕਿਰਪਾਲਵੀਰ ਸਿੰਘ, ਚੀਫ਼ ਲਾਇਬ੍ਰੇਰੀਅਨ ਡਾ. ਪ੍ਰਭਜੋਤ ਕੌਰ, ਡੀ.ਡੀ.ਐਫ਼ ਪ੍ਰਿਆ ਸਿੰਘ ਸਮੇਤ ਡਾ. ਤਾਨਿਆ ਮੰਡੇਰ, ਡਾ. ਮਨਵੀਰ ਕੌਰ ਅਤੇ ਹੋਰ ਸ਼ਖ਼ਸੀਅਤਾਂ ਵੱਡੀ ਗਿਣਤੀ 'ਚ ਮੌਜੂਦ ਸਨ।