ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਘਰਾਂ ਦੇ ਨੇੜੇ ਸਹੂਲਤਾਂ ਦੇਣ ਲਈ ਪਿੰਡ-ਪਿੰਡ ਲਾਏ ਜਾ ਰਹੇ ਨੇ ਕੈਂਪ: ਵਿਧਾਇਕ ਉੱਗੋਕੇ

  • ਕਿਹਾ, ਆਧਾਰ ਸੇਵਾਵਾਂ ਕੈਂਪ ਮੋਡ 'ਤੇ ਦੇਣ ਵਿੱਚ ਪੰਜਾਬ 'ਚੋਂ ਮੋਹਰੀ ਬਣਿਆ ਜ਼ਿਲ੍ਹਾ ਬਰਨਾਲਾ
  • ਪਹਿਲੀ ਵਾਰ ਤਾਜੋਕੇ ਕੈਂਪ ਵਿੱਚ ਦਿੱਤੀਆਂ ਗਈਆਂ ਆਧਾਰ ਸੇਵਾਵਾਂ
  • ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਕੀਤਾ ਧੰਨਵਾਦ

ਤਪਾ, 11 ਜੁਲਾਈ 2024 :  ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਖੱਜਲ-ਖੁਆਰੀ ਘਟਾਉਣ ਅਤੇ ਉਨ੍ਹਾਂ ਨੂੰ ਘਰਾਂ ਦੇ ਨੇੜੇ ਸਰਕਾਰੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ 'ਸਰਕਾਰ ਤੁਹਾਡੇ ਦੁਆਰ' ਲੜੀ ਤਹਿਤ ਗੁਰੂ ਨਾਨਕ ਧਰਮਸ਼ਾਲਾ ਪਿੰਡ ਤਾਜੋਕੇ ਵਿਖੇ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਪਿੰਡ ਤਾਜੋਕੇ ਅਤੇ ਤਾਜੋਕੇ ਖੁਰਦ ਤੋਂ ਇਲਾਵਾ ਪਿੰਡ ਘੁੰਨਸ ਅਤੇ ਮਹਿਤਾ ਦੇ ਵਾਸੀ ਆਪਣੇ ਮਸਲੇ ਅਤੇ ਸਰਕਾਰੀ ਸੇਵਾਵਾਂ ਬਾਬਤ ਪੁੱਜੇ।  ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਵਿਧਾਇਕ ਭਦੌੜ ਸ. ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਵਲੋਂ ਲੋਕਾਂ ਨੂੰ ਘਰਾਂ ਦੇ ਨੇੜੇ ਸਹੂਲਤਾਂ ਦੇਣ ਲਈ ਪਿੰਡ ਪਿੰਡ ਕੈਂਪ ਲਾਉਣ ਦਾ ਉਪਰਾਲਾ ਕੀਤਾ ਹੈ, ਜਿੱਥੇ ਲੋਕਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਵੀ ਕੀਤੀ ਜਾਂਦੀ ਹੈ ਅਤੇ ਮਸਲਿਆਂ ਦਾ ਮੌਕੇ 'ਤੇ ਨਿਬੇੜਾ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਤਾਜੋਕੇ ਕੈਂਪ ਵਿੱਚ ਆਧਾਰ ਸੇਵਾਵਾਂ ਦਿੱਤੀਆਂ ਗਈਆਂ ਹਨ, ਇਸ ਤੋਂ ਪਹਿਲਾਂ ਪੰਜਾਬ ਵਿੱਚ ਕਿਸੇ ਵੀ ਜ਼ਿਲ੍ਹੇ ਵਿੱਚ ਕੈਂਪ ਮੋਡ 'ਤੇ ਸੇਵਾਵਾਂ ਨਹੀਂ ਦਿੱਤੀਆਂ ਗਈਆਂ, ਹਮੇਸ਼ਾ ਸੇਵਾ ਕੇਂਦਰ ਮੋਡ 'ਤੇ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ ਵੱਖ ਪਿੰਡਾਂ ਵਿੱਚ ਹਫਤੇ ਵਿੱਚ 2 ਵਾਰ ਕੈਂਪ ਲਾਏ ਜਾਣਗੇ ਤਾਂ ਜੋ ਲੋਕਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਵਿਧਾਇਕ ਲਾਭ ਸਿੰਘ ਉੱਗੋਕੇ ਅਤੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਇਹ ਕੈਂਪ ਲਾਇਆ ਗਿਆ ਹੈ, ਜਿਸ ਵਿੱਚ ਵੱਡੀ ਗਿਣਤੀ ਲੋਕ ਪੁੱਜੇ ਹਨ ਤੇ ਮੌਕੇ 'ਤੇ ਸਕੀਮਾਂ ਦਾ ਲਾਭ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਸੇਵਾ ਕੇਂਦਰ ਸਣੇ ਲਗਭਗ ਸਾਰੇ ਵਿਭਾਗਾਂ ਦਫ਼ਤਰ ਸਮਾਜਿਕ ਸੁਰੱਖਿਆ, ਕਿਰਤ ਵਿਭਾਗ, ਜ਼ਿਲ੍ਹਾ ਭਲਾਈ ਦਫ਼ਤਰ, ਖੇਤੀਬਾੜੀ ਵਿਭਾਗ, ਸਿਹਤ ਵਿਭਾਗ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਮਾਲ ਵਿਭਾਗ, ਰੋਜ਼ਗਾਰ ਵਿਭਾਗ, ਮੱਛੀ ਪਾਲਣ ਵਿਭਾਗ ਆਦਿ ਨੇ ਕਾਉੰਟਰ ਲਗਾ ਕੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪਿਛਲੇ ਕੈਂਪਾਂ ਵਿੱਚ ਦੇਖਿਆ ਗਿਆ ਕਿ ਲੋਕਾਂ ਨੂੰ ਆਧਾਰ ਕਾਰਡ ਅਪਲਾਈ ਕਰਨ ਵਿੱਚ ਕਾਫੀ ਮੁਸ਼ਕਿਲ ਆ ਰਹੀ ਸੀ ਤੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੇ ਨਿਰਦੇਸ਼ਾਂ 'ਤੇ ਇਸ ਕੈਂਪ ਵਿੱਚ ਆਧਾਰ ਸੇਵਾਵਾਂ ਦੇਣ ਦਾ ਉਪਰਾਲਾ ਵੀ ਕੀਤਾ ਗਿਆ। ਇਸ ਮੌਕੇ ਉੱਪ ਮੰਡਲ ਮੈਜਿਸਟਰੇਟ ਤਪਾ ਮੈਡਮ ਪੂਨਮਪ੍ਰੀਤ ਕੌਰ ਨੇ ਦੱਸਿਆ ਕਿ ਜਿੱਥੇ ਵੱਖ ਵੱਖ ਸਰਟੀਫਿਕੇਟ ਲਾਭਪਾਤਰੀਆਂ ਨੂੰ ਮੌਕੇ 'ਤੇ ਦਿੱਤੇ ਗਏ ਹਨ, ਓਥੇ ਰੋਜ਼ਗਾਰ ਦਫ਼ਤਰ, ਕਿਰਤ ਵਿਭਾਗ, ਸਿਹਤ ਵਿਭਾਗ, ਮੱਛੀ ਪਾਲਣ, ਲੀਡ ਬੈਂਕ, ਸਮਾਜਿਕ ਸੁਰੱਖਿਆ, ਡੇਅਰੀ ਵਿਕਾਸ ਵਿਭਾਗ ਆਦਿ ਵਲੋਂ ਭਾਸ਼ਣ ਰਾਹੀਂ ਲੋਕਾਂ ਨੂੰ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ। ਕੈਂਪ ਵਿੱਚ ਪੁੱਜੇ ਬਲਵਿੰਦਰ ਸਿੰਘ ਵਾਸੀ ਤਾਜੋਕੇ ਨੇ ਦੱਸਿਆ ਕਿ ਉਹ ਅੱਜ ਇਸ ਕੈਂਪ ਵਿੱਚ ਕਿਰਤ ਵਿਭਾਗ ਦੀ ਕਾਪੀ (ਲਾਭਪਾਤਰੀ) ਬਣਾਉਣ ਲਈ ਪੁੱਜੇ ਤੇ ਕੈਂਪ ਵਿੱਚ ਮੌਕੇ 'ਤੇ ਹੀ ਲਾਭਪਾਤਰੀ ਬਣਾ ਦਿੱਤੀ ਗਈ। ਇਸ ਮੌਕੇ ਹਰਮੇਲ ਸਿੰਘ ਵਾਸੀ ਤਾਜੋਕੇ ਨੇ ਦੱਸਿਆ ਕਿ ਉਹ ਕੈਂਪ ਵਿੱਚ ਪਾਣੀ ਨੇ ਨਮੂਨੇ ਦੀ ਪਰਖ ਕਰਾਉਣ ਆਏ ਸੀ ਤੇ ਉਨ੍ਹਾਂ ਨੂੰ 10-15 ਮਿੰਟਾਂ ਵਿੱਚ ਹੀ ਰਿਪੋਰਟ ਮਿਲ ਗਈ, ਜਿਸ ਨਾਲ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਹੋਈ ਹੈ। ਉਨ੍ਹਾਂ ਪੰਜਾਬ ਸਰਕਾਰ ਦੇ ਉਪਰਾਲੇ ਦਾ ਧੰਨਵਾਦ ਕੀਤਾ।