ਪੰਜਾਬ ਸਰਕਾਰ ਨੇ ਮੈਨੂੰ ਬਦਨਾਮ ਕਰਨ ਲਈ ਮੇਰੇ ਭਾਸ਼ਣ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ : ਬਾਜਵਾ

ਪਟਿਆਲਾ 7 ਜੂਨ : ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਨੇ ਮੈਨੂੰ ਬਦਨਾਮ ਕਰਨ ਲਈ ਅਜੀਤ ਅਖਬਾਰ ਦੇ ਦਫਤਰ ਵਿਚ ਦਿੱਤੇ ਮੇਰੇ ਭਾਸ਼ਣ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ। ਮੈਂ ਕਦੇ ਵੀ ਦਲਿਤ, ਐ ਸੀ, ਬੀ ਸੀ ਜਾਂ  ਉ ਬੀ ਸੀ ਭਾਈਚਾਰੇ ਵਿਰੁੱਧ ਇਕ ਵੀ ਸ਼ਬਦ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਫਾਈਨਾਂਸ ਮਨਿਸਟਰ ਹਰਪਾਲ ਚੀਮਾ ਅਤੇ ਆਮ ਆਦਮੀ ਪਾਰਟੀ ਸੁਪਰੀਮੋ   ਅਰਵਿੰਦ ਕੇਜਰੀਵਾਲ ਮੇਰੇ 'ਤੇ ਅਜਿਹੇ ਬੇਤੁਕੇ ਇਲਜ਼ਾਮ ਲਗਾਉਣਗੇ। ਕੇਜਰੀਵਾਲ ਭਾਜਪਾ ਦੁਆਰਾ ਲਿਆਂਦੇ ਗਏ ਆਰਡੀਨੈਂਸ 'ਤੇ ਸਮਰਥਨ ਮੰਗਣ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਪੈਰਵੀ ਕਰ ਰਹੇ ਹਨ।  ਮੈਂ ਆਪਣੇ ਪਾਰਟੀ ਸਾਥੀਆਂ ਸਮੇਤ ਇਸ ਦਾ ਸਖ਼ਤ ਵਿਰੋਧ ਕੀਤਾ।  ਜਿਸ ਨੇ ਕੇਜਰੀਵਾਲ ਨੂੰ ਪਰੇਸ਼ਾਨ ਕੀਤਾ। ਬਾਜਵਾ ਨੇ ਕਿਹਾ ਕਿ ਏ.ਜੀ.ਦਫ਼ਤਰ ਵਿਚ ਦਲਿਤ ਭਾਈਚਾਰੇ ਨਾਲ ਸਬੰਧਤ ਕੋਈ ਵੀ ਵਕੀਲ ਨਹੀਂ ਹੈ। ਬਾਜਵਾ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪੁੱਛਿਆ ਕਿ ਉਨ੍ਹਾਂ ਨੇ ਕਦੇ ਵੀ ਇਸ ਗੱਲ ਦਾ ਜ਼ਿਕਰ ਕਿਉਂ ਨਹੀਂ ਕੀਤਾ ਕਿ ਪੰਜਾਬ ਦੇ ਦਲਿਤ ਨੌਜਵਾਨਾਂ ਨੂੰ ਮੌਜੂਦਾ ਐਡਵੋਕੇਟ ਜਨਰਲ (ਏ.ਜੀ.) ਦੇ ਦਫਤਰ ਵਿਚ ਰਾਖਵਾਂਕਰਨ ਦਿਤਾ ਜਾਣਾ ਚਾਹੀਦਾ ਹੈ।  ਬਾਜਵਾ ਨੇ ਵਿੱਤ ਮੰਤਰੀ ਚੀਮਾ ਨੂੰ ਪੁਛਿਆ ਕਿ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਨਾਲੋਂ ਕਿਹੜਾ ਵਕੀਲ ਜ਼ਿਆਦਾ ਕਾਬਲ ਹੋ ਗਿਆ ਹੈ। ਉਸ ਨੇ ਸਾਰਿਆਂ ਨੂੰ ਹੱਕ ਦਿਤੇ। ਕਾਂਗਰਸ ਸਰਕਾਰ ਦੌਰਾਨ ਦਲਿਤ ਭਾਈਚਾਰੇ ਨਾਲ ਸਬੰਧਤ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਗੱਲ ਚੱਲ ਰਹੀ ਸੀ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਦਲਿਤ ਭਾਈਚਾਰੇ ਵਿਚੋਂ ਡਿਪਟੀ ਮੁੱਖ ਮੰਤਰੀ ਲਿਆ ਜਾਵੇਗਾ। ਉਨ੍ਹਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਵਾਲ ਕੀਤਾ ਕਿ ਕੀ ਉਹ ਜਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਲਿਤ ਭਾਈਚਾਰੇ ਨਾਲ ਸਬੰਧਤ ਮੰਤਰੀਆਂ/ਆਗੂਆਂ ਨੇ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਕਿ ਉਹ ਆਪਣਾ ਵਾਅਦਾ ਕਦੋਂ ਪੂਰਾ ਕਰਨਗੇ।  ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਅਪਣੇ ਭਾਸ਼ਣ 'ਚ ਅਰਵਿੰਦ ਕੇਜਰੀਵਾਲ 'ਤੇ 'ਆਪ' ਦੀਆਂ ਦੋਗਲੀ ਨੀਤੀਆਂ 'ਤੇ ਸਵਾਲ ਚੁੱਕੇ ਸਨ ਕਿਉਂਕਿ ਅਰਵਿੰਦ ਕੇਜਰੀਵਾਲ ਪਹਿਲੇ ਦਿਨ ਮੈਟਰੋ ਟਰੇਨ ਰਾਹੀਂ ਸਹੁੰ ਚੁੱਕਣ ਗਏ ਸਨ। ਫਿਰ ਕੁਝ ਮਹੀਨਿਆਂ ਲਈ ਜਾਂ ਸਾਲ ਦੇ ਸ਼ੁਰੂ ਵਿੱਚ ਮਾਰੂਤੀ ਵੈਗਨਾਰ ਵਿਚ ਸੀਐਮ ਵਜੋਂ ਯਾਤਰਾ ਕੀਤੀ। ਫਿਰ ਸਿਰ 'ਤੇ ਸਸਤਾ ਮਫਲਰ ਅਤੇ ਸਸਤੀ ਟੋਪੀ ਪਾ ਕੇ ਲੋਕਾਂ ਨੂੰ ਆਮ ਆਦਮੀ ਦੱਸ ਕੇ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਦੀ ਲੋੜ ਨਹੀਂ ਦੱਸੀ। ਬਾਜਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਕਹਿੰਦੇ ਸਨ ਕਿ ਉਹ ਸਿਰਫ 3-4 ਕਮਰਿਆਂ ਦੇ ਘਰ 'ਚ ਰਹਿ ਕੇ ਖੁਸ਼ ਹਨ ਤੇ ਅੱਜ ਦਿੱਲੀ 'ਚ ਬਣ ਰਹੇ ਸੀਐੱਮ ਕੰਪਲੈਕਸ 'ਤੇ 171 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। CM ਮਾਨ ਨੇ ਅਰਵਿੰਦ ਕੇਜਰੀਵਾਲ ਨੂੰ 2.5 ਕਰੋੜ ਰੁਪਏ ਦੀਆਂ 2 ਲੈਂਡ ਕਰੂਜ਼ਰਾਂ ਦਿਤੀਆਂ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਮੁੱਖ ਮੰਤਰੀ ਵਜੋਂ ਅਰਵਿੰਦ ਕੇਜਰੀਵਾਲ ਨੂੰ ਜ਼ੈੱਡ ਪਲੱਸ ਸੁਰੱਖਿਆ ਦਿਤੀ ਹੈ, ਜਦਕਿ ਪੰਜਾਬ ਸਰਕਾਰ ਨੇ ਵੀ ਉਨ੍ਹਾਂ ਨੂੰ 2 ਗੱਡੀਆਂ ਅਤੇ 80 ਕਮਾਂਡੋਜ਼ ਸਮੇਤ ਜ਼ੈੱਡ ਪਲੱਸ ਸੁਰੱਖਿਆ ਦਿਤੀ ਹੈ। ਚੰਡੀਗੜ੍ਹ ਵਿਚ ਵੀ ਕੋਠੀ ਨੰਬਰ 50 ਅਤੇ 50 ਕਮਾਂਡੋਜ਼ ਦੀ ਸੁਰੱਖਿਆ ਵਾਲੀ ਇਕ ਲੈਂਡ ਕਰੂਜ਼ਰ ਦਿਤੀ ਗਈ ਹੈ। CM ਭਗਵੰਤ ਮਾਨ ਕੋਲ ਵੀ 5 ਲੈਂਡ ਕਰੂਜ਼ਰ ਹਨ, ਪਰ ਗੱਲ ਆਮ ਆਦਮੀ ਦੀ ਹੈ।