ਪੰਜਾਬ ਸਰਕਾਰ ਆਜ਼ਾਦੀ ਘੁਲਾਟੀਆਂ ਦੀ ਭਲਾਈ ਲਈ ਵਚਨਬੱਧ: ਚੇਤਨ ਸਿੰਘ ਜੌੜਾਮਾਜਰਾ


22 ਜ਼ਿੰਦਾ ਆਜ਼ਾਦੀ ਘੁਲਾਟੀਆਂ ਨੂੰ ਉਨਾਂ ਦੇ ਮਸਲਿਆਂ ਦੇ ਹੱਲ ਲਈ ਨਿੱਜੀ ਤੌਰ ‘ਤੇ ਮਿਲਾਂਗਾ-ਕੈਬਨਿਟ ਮੰਤਰੀ

ਕੈਬਨਿਟ ਮੰਤਰੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 126ਵੇਂ ਜਨਮ ਦਿਵਸ ਮੌਕੇ ‘ ਫਰੀਡਮ ਫਾਈਟਰਜ ਸਕਸੈਸਰਜ਼ ਆਰਗੇਨਾਈਜੇਸ਼ਨ ਪੰਜਾਬ ’ ਦੇ ਸਮਾਗਮ ਦੀ ਪ੍ਰਧਾਨਗੀ ਕੀਤੀ

ਲੁਧਿਆਣਾ : ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸੋਮਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਜਾਦੀ ਘੁਲਾਟੀਆਂ ਅਤੇ ਉਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ ਹੈ। ਫਰੀਡਮ ਫਾਈਟਰਜ ਸੁਕੈਸਰਜ ਆਰਗੇਨਾਈਜੇਸ਼ਨ ਪੰਜਾਬ ਵੱਲੋਂ ਕਰਵਾਏ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 126ਵੇਂ ਜਨਮ ਦਿਵਸ  ਨੂੰ ਸਮਰਪਿਤ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਜੌੜਾਮਾਜਰਾ ਨੇ ਕਿਹਾ ਕਿ ‘ਆਪ ’  ਦੀ ਸਰਕਾਰ ਆਜਾਦੀ ਘੁਲਾਟੀਆਂ ਦੀ ਭਲਾਈ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਹਮੇਸ਼ਾ ਉਨਾਂ ਦੇ ਨਾਲ ਖੜੀ ਹੈ।

ਮੰਤਰੀ ਨੇ ਕਿਹਾ ਕਿ ਉਹ ਪੰਜਾਬ ਵਿੱਚ ਰਹਿ ਰਹੇ 22 ਆਜਾਦੀ ਘੁਲਾਟੀਆਂ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਕਰਨਗੇ ਅਤੇ ਉਨਾਂ ਨਾਲ ਸਬੰਧਤ ਸਾਰੇ ਮਸਲਿਆਂ ਨੂੰ ਜਲਦ ਹੱਲ ਕੀਤਾ ਜਾਵੇਗਾ।

ਸ੍ਰੀ ਜੌੜਾਮਾਜਰਾ ਨੇ ਕਿਹਾ ਕਿ ਲੋੜਵੰਦ ਆਜਾਦੀ ਘੁਲਾਟੀਆਂ ਨੂੰ ਮਕਾਨ/ਛੱਤਾਂ ਦੀ ਮੁਰੰਮਤ ਲਈ 50,000 ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਉਨਾਂ ਨੇ  ਆਜਾਦੀ ਘੁਲਾਟੀਆਂ ਦੀ ਮਹੀਨਾਵਾਰ ਪੈਨਸ਼ਨ ਵਧਾਉਣ ਦਾ ਪ੍ਰਸਤਾਵ ਵੀ ਰੱਖਿਆ ਸੀ ਅਤੇ ਇਹ ਮਾਮਲਾ ਮੁੱਖ ਮੰਤਰੀ ਕੋਲ ਵੀ ਚੁੱਕਣਗੇ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਹੋਰ ਆਜਾਦੀ ਘੁਲਾਟੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਜਾਦੀ ਘੁਲਾਟੀਆਂ ਅਤੇ ਉਨਾਂ ਦੇ ਪਰਿਵਾਰਾਂ ਲਈ ਭਲਾਈ ਦੇ ਹੋਰ  ਉਪਰਾਲੇ ਵੀ ਸ਼ੁਰੂ ਕਰੇਗੀ।

ਉਨਾਂ ਕਿਹਾ ਕਿ ਇਹ ਸਹੀ ਸਮਾਂ ਹੈ , ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਸਾਡੇ ਮਹਾਨ ਆਜਾਦੀ ਘੁਲਾਟੀਆਂ ਦੇ ਸੁਪਨਿਆਂ ਦੇ ਨੂੰ ਪੂਰਾ ਕਰਨ ਲਈ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨਾਂ ਅੱਗੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀਆਂ ਨੇ ਕੌਮੀ ਆਜਾਦੀ ਦੀ ਲੜਾਈ ਵਿੱਚ ਵੱਡਾ ਯੋਗਦਾਨ ਪਾਇਆ ਹੈ।
ਇਸ ਮੌਕੇ ਫਰੀਡਮ ਫਾਈਟਰਜ਼ ਸਕਸੈਰਜ਼ ਆਰਗੇਨਾਈਜੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ, ਜਨਰਲ ਸਕੱਤਰ ਮੇਜਰ ਸਿੰਘ ਬਰਨਾਲਾ, ਵਿੱਤ ਸਕੱਤਰ ਭਰਪੂਰ ਸਿੰਘ, ਆਲ ਇੰਡੀਆ ਕਮੇਟੀ ਮੈਂਬਰ ਗੁਰਵਿੰਦਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਸਚਿਨ ਮਨਚੰਦਾ, ਜੋਨਲ ਇੰਚਾਰਜ ਲੁਧਿਆਣਾ ਰਵਿੰਦਰ ਕਪੂਰ, ਜ਼ਿਲਾ ਪ੍ਰਧਾਨ ਸ. ਪ੍ਰਧਾਨ ਲੁਧਿਆਣਾ ਬਲਵਿੰਦਰ ਸਿੰਘ ਸੇਖੋਂ, ਸਰਕਲ ਪ੍ਰਧਾਨ ਅਵਤਾਰ ਸਿੰਘ, ਜਿਲਾ ਜਨਰਲ ਸਕੱਤਰ ਸੁਖਜੀਤ ਸਿੰਘ ਤੋਂ ਇਲਾਵਾ ਕਈ  ਹੋਰ ਹਾਜ਼ਰ ਸਨ।