ਪੰਜਾਬ ਵਿੱਚ ਬੀਜੇਪੀ 13 ਸੀਟਾਂ ‘ਤੇ ਆਪਣੇ ਦਮ ਤੇ ਲੜੇਗੀ ਲੋਕ ਸਭਾ ਚੋਣਾਂ : ਸ਼ੇਖਾਵਤ

ਬਠਿੰਡਾ, 30 ਦਸੰਬਰ : ਭਾਰਤੀ ਜਨਤਾ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਪੰਜਾਬ ਵਿੱਚ ਆਪਣੇ ਦਮ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਹੇਠ ਸਾਰੇ 13 ਹਲਕਿਆਂ ਵਿੱਚ ਚੋਣ ਲੜੇਗੀ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਬਠਿੰਡਾ ਵਿਖੇ ਇੱਕ ਪ੍ਰੈਸ ਮਿਲਣੀ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਵੈਸੇ ਤਾਂ ਰਾਜਨੀਤੀ ਵਿੱਚ ਹਮੇਸ਼ਾਂ ਸੰਭਾਵਨਾਵਾਂ ਚੱਲਦੀਆਂ ਰਹਿੰਦੀਆਂ ਹਨ, ਪਰ ਅੱਜ ਤੱਕ ਕਿਸੇ ਪਾਰਟੀ ਨਾਲ ਗਠਜੋੜ ਸਬੰਧੀ ਕੋਈ ਗੱਲ ਨਹੀਂ ਸ਼ੁਰੂ ਹੋਈ। ਉਨ੍ਹਾਂ ਭਾਜਪਾ ਦਾ ਅਕਾਲੀ ਦਲ ਨਾਲ ਗੱਠਜੋੜ ਹੋਣ ਸਬੰਧੀ ਅਟਕਲਾਂ ਨੂੰ ਪੂਰੀ ਤਰਾਂ ਰੱਦ ਕੀਤਾ ਅਤੇ ਇਹ ਗੱਲ ਪੂਰੀ ਜਿੰਮੇਵਾਰੀ ਨਾਲ ਆਖੀ। ਐਸਵਾਈਐਲ ਨਹਿਰ ਸਬੰਧੀ ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤਹਿਤ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਦੋ ਵਾਰ ਮੀਟਿੰਗ ਕੀਤੀ ਸੀ ਪਰ ਇਸ ਦਾ ਕੋਈ ਸਿੱਟਾ ਨਹੀਂ ਨਿੱਕਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਿਸਾਬ ਨਾਲ ਐਸਵਾਈਐਲ ਕੋਈ ਚੁਣਾਵੀ ਮੁੱਦਾ ਨਹੀਂ ਹੈ। ਪੰਜਾਬ ਦੀ ਝਾਕੀ ਨੂੰ ਗਣਤੰਤਰ ਦਿਵਸ ਪਰੇਡ ’ਚ ਸ਼ਾਮਲ ਨਾਂ ਕਰਨ ਸਬੰਧੀ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਤੇ ਸਿਆਸਤ ਕਰਨਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਝਾਕੀਆਂ ਨੂੰ ਇਜ਼ਾਜ਼ਤ ਦੇਣ ਨੂੰ ਲੈਕੇ ਇੱਕ ਕਮੇਟੀ ਬਣੀ ਹੋਈ ਹੈ ਜਿਸ ਨੇ ਫੈਸਲਾ ਲੈਣਾ ਹੁੰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਈ ਸੂਬੇ ਅਜਿਹੇ ਹਨ ਜਿੰਨ੍ਹਾਂ ਦੀ ਝਾਕੀ ਨੂੰ  ਕਦੇ ਵੀ ਸ਼ਾਮਲ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਦਸ ਸਾਲਾਂ ਦੇ ਰਾਜ ’ਚ ਪੰਜਾਬ ਨੂੰ ਸੱਤ ਵਾਰ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਭਾਵਨਾਤਮਕ ਬਲੈਕਮੇਲ ਕਰਨਾ ਸਹੀ ਨਹੀਂ ਹੈ।  ਛੋਟੇ ਸਾਹਿਬਜਾਦਿਆਂ ਦਾ ਪਾਤਰ ਬਣਾਕੇ ਖੇਡ੍ਹੇ ਗਏ ਇੱਕ ਨਾਟਕ ਨੂੰ ਲੈਕੇ ਪੁੱਛੇ ਸਵਾਲ ਦੇ ਜਵਾਬ ’ਚ ਸ੍ਰੀ ਸ਼ੇਖਾਵਤ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਤਰਾਂ ਕਰਦਾ ਹੈ ਤਾਂ ਉਨ੍ਹਾਂ ਦੇ ਖਿਆਲ ’ਚ ਇਸ ਬਾਰੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸ਼੍ਰੋਮਣੀ ਕਮੇਟੀ ਇਸ ਮੁੱਦੇ ਨੂੰ ਉਠਾਏਗੀ ਤਾਂ ਉਸ ਦਾ ਹੱਲ ਵੀ ਕੱਢਿਆ ਜਾਏਗਾ। ਇਸ ਮੌਕੇ ਭਾਜਪਾ ਪੰਜਾਬ ਦੇ ਜਰਨਲ ਸਕੱਤਰ ਦਿਆਲ ਸੋਢੀ ਅਤੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਆਦਿ ਆਗੂ ਹਾਜਰ ਸਨ।