ਪੀਆਰਟੀਸੀ ਬਠਿੰਡਾ ਦਾ ਡਰਾਈਵਰ ਸੇਫ਼ ਡਰਾਈਵਿੰਗ ਲਈ ਕੌਮੀ ਪੱਧਰ 'ਤੇ ਸਨਮਾਨਿਤ 

ਬਠਿੰਡਾ, 22 ਅਪ੍ਰੈਲ : ਪੀ.ਆਰ.ਟੀ.ਸੀ. ਦੇ ਬਠਿੰਡਾ ਡਿੱਪੂ ਦੇ ਡਰਾਈਵਰ ਨੂੰ ਉਸ ਵੱਲੋਂ ਸਵਾਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੀਤੀ ਜਾ ਰਹੀ ਸੁਰੱਖਿਅਤ ਡਰਾਇਵਿੰਗ ਲਈ ਕੌਮੀ ਪੱਧਰ ਦਾ ਸਨਮਾਨ ਮਿਲਿਆ ਹੈ।ਲੰਘੀ 18 ਅਪ੍ਰੈਲ ਨੂੰ ਕੇਂਦਰੀ ਟ੍ਰਾਂਸਪੋਰਟ ਵਿਭਾਗ ਵਲੋਂ ਐਸੋਸੀਏਸ਼ਨ ਆਫ਼ ਸਟੇਟ ਰੋਡ ਟ੍ਰਾਂਸਪੋਰਟ ਅੰਡਰਟੇਕਿੰਗ ਦੇ ਸਹਿਯੋਗ ਨਾਲ ਦਿੱਲੀ 'ਚ ਕਰਵਾਏ ਗਏ ਇਸ ਸਨਮਾਨ ਸਮਾਰੋਹ ਵਿਚ ਦੇਸ਼ ਭਰ ਦੇ ਕੁੱਲ 42 ਡਰਾਈਵਰਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਮੁਖਤਿਆਰ ਸਿੰਘ ਪੰਜਾਬ ਨਾਲ ਸਬੰਧਤ ਇਕਲੌਤਾ ਡਰਾਈਵਰ ਹੈ, ਜਿਸ ਨੇ ਇਹ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਮੁਖਤਿਆਰ ਸਿੰਘ ਨੂੰ ਸਨਮਾਨ ਪੱਤਰ, 5 ਹਜ਼ਾਰ ਰੁਪਏ  ਨਗਦ ਰਾਸ਼ੀ, ਐਵਾਰਡ ਅਤੇ ਲੋਈ ਦੇ ਕੇ ਸਨਮਾਨਿਆ ਗਿਆ ਹੈ, ਜਨਰਲ ਮੈਨੇਜਰ  ਅਮਨਵੀਰ ਸਿੰਘ ਟਿਵਾਣਾ ਨੇ ਦੱਸਿਆ ਗਿਆ ਕਿ  ਸ੍ਰੀ ਮੁਖਤਿਆਰ ਸਿੰਘ ਜੋ ਕਿ ਸਥਾਨਕ ਪੀ.ਆਰ.ਟੀ.ਸੀ. ਡਿਪੂ ਵਿਖੇ ਬਤੌਰ ਡਰਾਈਵਰ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ ਜਿਸ ਨੂੰ ਕੌਮੀ ਪੱਧਰ 'ਤੇ ਸੇਫ਼ ਡਰਾਈਵਿੰਗ 'ਚ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਸੜਕੀ ਤੇ ਆਵਾਜਾਈ ਵਿਭਾਗ ਦੇ ਕੇਂਦਰੀ ਰਾਜ ਮੰਤਰੀ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਦੇਸ ਭਰ ਦੇ ਇਨ੍ਹਾਂ ਸੁਪਰ 42 ਡਰਾਈਵਰਾਂ ਜਿੰਨ੍ਹਾਂ ਆਪਣੇ ਕਾਰਜਕਾਲ ਦੌਰਾਨ ਇੱਕ ਵੀ ਹਾਦਸਾ ਨਹੀਂ ਹੋਣ ਦਿੱਤਾ ਤੇ ਨਾਲ ਹੀ ਸੁਰੱਖਿਅਤ ਡਰਾਈਵਿੰਗ ਨੂੰ ਹਮੇਸ਼ਾ ਵਿਸ਼ੇਸ਼ ਪਹਿਲ ਦਿੱਤੀ ਹੈ। ਸ੍ਰੀ ਟਿਵਾਣਾ ਨੇ ਦੱਸਿਆ ਕਿ ਹੋਰਨਾਂ ਡਰਾਈਵਰਾਂ ਨੂੰ ਵੀ ਸ੍ਰੀ ਮੁਖਤਿਆਰ ਸਿੰਘ ਡਰਾਈਵਰ ਵੱਲੋਂ ਆਪਣੀ ਮੇਹਨਤ ਸਦਕਾ ਨਿਭਾਈਆਂ ਜਾ ਰਹੀਆਂ ਸੇਵਾਵਾਂ ਵਾਂਗ ਪ੍ਰੇਰਨਾ ਮਿਲੇਗੀ ।