ਬੇਜ਼ਮੀਨੇ ਖੇਤ ਮਜ਼ਦੂਰਾਂ ਵੱਲੋਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵੱਲ ਰੋਸ ਮਾਰਚ 

  • ਮੁੱਖ ਮੰਤਰੀ ’ਤੇ ਦਲਿਤ ਮਜ਼ਦੂਰਾਂ ਨੂੰ ਸਾਲ ’ਚ 6 ਵਾਰ ਮੀਟਿੰਗ ਦਾ ਸਮਾਂ ਦੇ ਕੇ ਨਾ ਮਿਲਣ ਦਾ ਦੋਸ਼
  • ਕਿਹਾ, ਸਾਲ ਦੀ ਕਾਰਗੁਜ਼ਾਰੀ ’ਚ ਖੇਤ ਮਜ਼ਦੂਰਾਂ ਬਾਰੇ ਕੀਤਾ ਇਕ ਵੀ ਕੰਮ ਨਾ ਦਸ ਸਕੀ ‘ਆਪ’ ਸਰਕਾਰ

ਮੋਹਾਲੀ, 17 ਮਾਰਚ : ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਰਕਾਰ ਵੱਲੋਂ ਬੇਜ਼ਮੀਨੇ ਦਲਿਤ ਖੇਤ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਕੀਤੇ ਜਾ ਰਹੀ ਵਿਤਕਰੇਬਾਜ਼ੀ ਦੇ ਖਿਲਾਫ ਅੱਜ ਪੰਜਾਬ ਦੀਆਂ 8 ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਆਧਾਰਿਤ ਸਾਂਝੇ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰ ਰਹੇ ਮਜ਼ਦੂਰਾਂ ਨੂੰ ਪੁਲਿਸ ਨੇ ਰਾਹ ਵਿੱਚ ਬੈਰੀਕਾਡ ਲਗਾ ਦੇ ਰੋਕ ਲਿਆ। ਇਸ ਮੌਕੇ ਪੁਲਿਸ ਨਾਲ ਧੱਕੇਮੁੱਕੀ ਵੀ ਹੋਈ। ਇਸ ਤੋਂ ਬਾਅਦ ਸਰਕਾਰ ਵੱਲੋਂ 29 ਮਾਰਚ ਨੂੰ ਮੀਟਿੰਗ ਦਾ ਸਮਾਂ ਦੇ ਕੇ ਮਜ਼ਦੂਰਾਂ ਨੂੰ ਸਾਂਤ ਕੀਤਾ ਗਿਆ। ਇਸ ਤੋਂ ਪਹਿਲਾਂ ਸ੍ਰੀ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਪੰਜਾਬ ਭਰ ਤੋਂ ਬੇਜ਼ਮੀਨੇ ਖੇਤ ਮਜ਼ਦੂਰ ਪਹੁੰਚੇ। ਇਸ ਮੌਕੇ ਮਜ਼ਦੂਰ ਮੋਰਚੇ ਵਿੱਚ ਸ਼ਾਮਲ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਾਲੌਦ, ਪੰਜਾਬ ਖੇਤ ਮਜ਼ਦੂਰ ਸਭਾ ਦੇ ਦੇਵੀ ਕੁਮਾਰੀ ਸਰਹਾਲੀ ਕਲਾਂ, ਦਿਹਾਤੀ ਮਜ਼ਦੂਰ ਸਭਾ ਦੇ ਗੁਰਨਾਮ ਦਾਊਦ, ਕ੍ਰਾਂਤੀਕਾਂਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਲਖਵੀਰ ਲੌਗੋਂਵਾਲ, ਮਜ਼ਦੂਰ ਮੁਕਤੀ ਮੋਰਚਾ ਦੇ ਭਗਵੰਤ ਸਮਾਉਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੱਤਾ ਵਿੱਚ ਆਈ ਸੂਬਾ ਸਰਕਾਰ ਨੂੰ ਪੂਰਾ ਇੱਕ ਸਾਲ ਹੋ ਗਿਆ ਅਤੇ ਇਸ ਦੀ ਇੱਕ ਸਾਲ ਦੀ ਪ੍ਰਾਪਤੀ ਜੀਰੋ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ‘ਆਪ’ ਸਰਕਾਰ ਦੀ ਇਕ ਸਾਲ ਦੀ ਕਾਰਗੁਜ਼ਾਰੀ ਵਿੱਚ ਖੇਤ ਮਜ਼ਦੂਰਾਂ ਦੇ ਲਈ ਕੋਈ ਕੰਮ ਨਹੀਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ ਇਕ ਸਾਲ ਵਿੱਚ 6 ਵਾਰ ਮੀਟਿੰਗ ਸਮਾਂ ਦਿੱਤਾ, ਪ੍ਰੰਤੂ ਹਰ ਵਾਰ ਮੁਕਰਦੇ ਰਹੇ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵੱਖ ਵੱਖ ਸ਼੍ਰੇਣੀਆਂ ਨਹੀ ਬਜਟ ਵਿੱਚ ਪੈਸੇ ਰੱਖੇ ਹਨ, ਪ੍ਰੰਤੂ ਖੇਤ ਮਜ਼ਦੂਰਾਂ ਦਾ ਜ਼ਿਕਰ ਤੱਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਬਜਟ ਵਿੱਚ ਇਕ ਸ਼ਬਦ ਲਿਖਿਆ ਸੀ ਕਿ ਖੇਤ ਮਜ਼ਦੂਰਾਂ ਦੀ ਭਲਾਈ ਲਈ ਕੰਮ ਕੀਤਾ ਜਾਵੇਗਾ, ਪ੍ਰੰਤੂ ਇਸ ਬਜਟ ਵਿੱਚ ਖੇਤ ਮਜ਼ਦੂਰ ਸ਼ਬਦ ਪਾਉਣ ਵੀ ਸਹੀ ਨਹੀਂ ਸਮਝਿਆ। ਆਗੂਆਂ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਦੀ ਜ਼ਬਾਨ ਉੱਪਰ ਮੋਤੀ ਮਹਿਲ ਅਤੇ ਸਿੱਸਵਾਂ ਫਾਰਮ ਟਾਰਗੇਟ ਸੀ ਲੇਕਿਨ ਸੱਤਾ ਵਿੱਚ ਆਉਣ ਉਪਰੰਤ ਆਮ ਲੋਕਾਂ ਨੂੰ ਉਜਾੜਿਆ ਜਾ ਰਿਹਾ ਹੈ, ਲਤੀਫ਼ਪੁਰਾ ਇਸ ਦੀ ਪ੍ਰਤੱਖ ਉਦਾਹਾਰਨ ਹੈ। ਉਹਨਾਂ ਦੋਸ਼ ਲਾਇਆ ਕਿ ਮਾਨ ਸਰਕਾਰ ਦੇ ਰਾਜ ਚ ਜਿੱਥੇ  ਹਜ਼ਾਰਾਂ ਲੋੜਵੰਦ ਮਜ਼ਦੂਰ ਪਰਿਵਾਰਾਂ ਦੇ ਰਾਸ਼ਨ ਕਾਰਡ ਕੱਟਕੇ ਗਰੀਬ ਪਰਿਵਾਰਾਂ ਨੂੰ ਭੁੱਖਮਰੀ ਦੇ ਮੂੰਹ ਧੱਕਿਆ ਜਾ ਰਿਹਾ ਹੈ ਉਥੇ ਆਏ ਦਿਨ ਦਲਿਤ ਪਰਿਵਾਰਾਂ ਉਤੇ ਉੱਚ ਜਾਤੀ ਧਨਾਢਾਂ ਵੱਲੋਂ ਜਾਤਪਾਤੀ ਜ਼ਬਰ ਜ਼ੁਲਮ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਦਿਹਾੜੀ 700 ਰੂਪਏ ਕਰਕੇ ਸਾਲ ਭਰ ਦੇ ਰੁਜ਼ਗਾਰ ਗਰੰਟੀ, ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ, ਜ਼ਮੀਨਾਂ ਦੀ ਵੰਡ, ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜ਼ਮੀਨ ਮਜ਼ਦੂਰਾਂ ਨੂੰ ਸਸਤੇ ਭਾਅ ਠੇਕੇ 'ਤੇ ਦੇਣ, ਬੇਘਰੇ ਤੇ ਲੋੜਵੰਦਾਂ ਨੂੰ 10-10 ਮਰਲੇ ਦੇ ਪਲਾਟ ਦੇਣ, ਬੁਢਾਪਾ ਵਿਧਵਾ ਤੇ ਅਪੰਗ ਪੈਨਸ਼ਨ ਚ ਵਾਧਾ ਕਰਨ, ਦਲਿਤਾਂ ਹੋ ਰਹੇ ਅੱਤਿਆਚਾਰ ਨੂੰ ਰੋਕਣ ਵਰਗੇ ਮਸਲਿਆਂ ਦੇ ਹੱਲ ਲਈ ਮੁੱਖ ਮੰਤਰੀ ਮਾਨ ਛੇ ਵਾਰ ਮੀਟਿੰਗਾਂ ਤੈਅ ਕਰਕੇ  ਹਰ ਵਾਰ ਮੀਟਿੰਗ ਮੁਲਤਵੀ ਕਰਦੇ ਆ ਰਹੇ ਹਨ। ਉਹਨਾਂ ਆਖਿਆ ਕਿ ਨਵੀਂ ਖੇਤੀ ਨੀਤੀ ਬਣਾਉਣ ਲਈ ਵੀ ਆਪ ਸਰਕਾਰ ਵੱਲੋਂ ਮਜ਼ਦੂਰਾਂ ਦੇ ਸੁਝਾਅ ਲੈਣੇ ਵੀ ਜ਼ਰੂਰੀ ਨਹੀਂ ਸਮਝੇ ਕੁੱਲ ਮਿਲਾ ਕੇ ਮਾਨ ਸਰਕਾਰ ਪੈਰ ਪੈਰ 'ਤੇ ਮਜ਼ਦੂਰ ਵਰਗ ਨਾਲ ਵਿਤਕਰੇਬਾਜ਼ੀ  ਕਰਦੀ ਆ ਰਹੀ ਹੈ, ਜਿਸ ਕਾਰਨ ਮਜ਼ਦੂਰ ਵਰਗ ਦੇ ਮਨਾਂ ਵਿੱਚ ਭਗਵੰਤ ਸਿੰਘ ਮਾਨ ਸਰਕਾਰ ਪ੍ਰਤੀ ਸਖ਼ਤ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਮੋਰਚੇ ਦੇ ਆਗੂ ਬਿੱਕਰ ਸਿੰਘ ਹਥੋਆ, ਪ੍ਰਗਟ ਸਿੰਘ ਕਾਲਾਝਾੜ, ਅਵਤਾਰ ਸਿੰਘ ਰਸੂਲਪੁਰ, ਮੇਜਰ ਸਿੰਘ ਕਾਲੇਕੇ, ਮੱਖਣ ਸਿੰਘ ਰਾਮਗੜ੍ਹ, ਕਿ੍ਸ਼ਨ ਚੌਹਾਨ, ਦਰਸ਼ਨ ਨਾਹਰ ਅਤੇ ਧਰਮਵੀਰ ਹਰੀਗੜ੍ਹ ਆਦਿ ਨੇ ਸੰਬੋਧਨ ਕੀਤਾ।