ਜਰਮਨੀ ਤੋਂ ਆਏ ਪ੍ਰੋ. ਫਿਲਿਪ ਸਕਮਿਟ ਕੋਪਲਿਨ ਨੇ ਕੀਤਾ ਰਸਾਇਣ ਵਿਗਿਆਨ ਦੀ ਕੌਮਾਂਤਰੀ ਕਾਨਫ਼ਰੰਸ ਦਾ ਉਦਘਾਟਨ

ਪਟਿਆਲਾ, 23 ਫਰਵਰੀ : ਰਸਾਇਣ ਵਿਗਿਆਨ ਦੇ ਖੇਤਰ ਵਿੱਚ ਹਾਲ ਹੀ ਦੇ ਸਮੇਂ ਹੋਈ ਤਰੱਕੀ' ਵਿਸ਼ੇ ਉੱਤੇ ਪੰਜਾਬੀ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵੱਲੋਂ ਕਰਵਾਈ ਜਾ ਰਹੀ ਕੌਮਾਂਤਰੀ ਕਾਨਫ਼ਰੰਸ ਦਾ ਆਰੰਭ ਹੋ ਗਿਆ। ਯੂਨੀਵਰਸਿਟੀ ਕੈਂਪਸ ਦੇ ਸਾਇੰਸ ਆਡੀਟੋਰੀਅਮ ਵਿੱਚ ਹੋ ਰਹੀ ਇਸ ਕਾਨਫ਼ਰੰਸ ਦਾ ਉਦਘਾਟਨ ਜਰਮਨੀ ਦੀ ਟੀ.ਯੂ.ਐੱਮ. ਸੰਸਥਾ ਤੋਂ ਪੁੱਜੇ ਪ੍ਰੋ. ਫਿਲਿਪ ਸਕਮਿਟ ਕੋਪਲਿਨ ਨੇ ਕੀਤਾ। ਉਨ੍ਹਾਂ ਆਪਣੇ ਉਦਘਾਟਨੀ ਭਾਸ਼ਣ ਵਿੱਚ ਰਸਾਇਣ ਵਿਗਿਆਨ ਦੇ ਨਜ਼ਰੀਏ ਤੋਂ ਜਿ਼ੰਦਗੀ ਨੂੰ ਪਰਿਭਾਸਿ਼ਤ ਕਰਦਿਆਂ ਵੱਖ-ਵੱਖ ਰਸਾਇਣਕ ਵੱਖਰਤਾਵਾਂ ਦੀ ਗੱਲ ਕੀਤੀ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕੀਤੀ। ਉਨ੍ਹਾਂ ਆਪਣੇ ਪ੍ਰੇਰਣਾਦਾਇਕ ਭਾਸ਼ਣ ਰਾਹੀਂ ਇਸ ਗੱਲ ਦਾ ਸੁਨੇਹਾ ਦਿੱਤਾ ਕਿ ਰਸਾਇਣ ਵਿਗਿਆਨ ਜਿਹੇ ਵਿਸਿ਼ਆਂ ਵਿੱਚ ਪੈਦਾ ਹੋ ਰਹੇ ਨਵੇਂ ਗਿਆਨ ਨਾਲ਼ ਸੰਵਾਦ ਰਚਾਉਣ ਲਈ ਅਜਿਹੀਆਂ ਕਾਨਫ਼ਰੰਸਾਂ ਦੀ ਬਹੁਤ ਲੋੜ ਹੈ। ਰਸਾਇਣ ਵਿਗਿਆਨ ਦੇ ਖੇਤਰ ਵਿਚਲੇ ਨਵੇਂ ਰੁਝਾਨਾਂ ਬਾਰੇ ਮਹੱਤਵਪੂਰਨ ਭਾਸ਼ਣ ਦੇਣ ਵਾਲਿਆਂ ਵਿੱਚ ਜਾਮੀਆ ਮਿਲੀਆ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਆਏ ਪ੍ਰੋ. ਇਮਰਾਨ ਅਲੀ, ਸੀ.ਐੱਸ.ਆਈ.ਆਰ. ਸੀ.ਐੱਸ.ਐੱਮ.ਸੀ.ਆਰ.ਆਈ., ਭਾਵਨਗਰ ਗੁਜਰਾਤ ਤੋਂ ਸੀਨੀਅਰ ਪ੍ਰਮੁੱਖ ਵਿਗਿਆਨੀ ਡਾ. ਅਰਵਿੰਦ ਕੁਮਾਰ ਸ਼ਰਮਾ,  ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪ੍ਰੋ. ਮਨੋਜ ਕੁਮਾਰ , ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਪ੍ਰੋ. ਸੰਜੀਵ ਅਰੋੜਾ ਅਤੇ ਪੰਜਾਬੀ ਯੂਨੀਵਰਸਿਟੀ ਤੋਂ ਡਾ. ਓਂਕਾਰ ਸਿੰਘ ਸ਼ਾਮਿਲ ਰਹੇ। ਇਸ ਕਾਨਫ਼ਰੰਸ ਵਿੱਚ 150 ਤੋਂ ਵੱਧ ਪੋਸਟ ਗਰੈਜੂਏ ਵਿਦਿਆਰਥੀਆਂ, ਖੋਜ ਵਿਦਵਾਨਾਂ ਅਤੇ ਫੈਕਲਟੀ ਨੇ ਭਾਗ ਲਿਆ। 15 ਮੌਖਿਕ ਪੇਸ਼ਕਾਰੀਆਂ ਅਤੇ 100 ਪੋਸਟਰ ਪੇਸ਼ਕਾਰੀਆਂ ਵੀ ਪਹਿਲੇ ਦਿਨ ਦੀ ਕਾਨਫ਼ਰੰਸ ਦਾ ਹਿੱਸਾ ਰਹੀਆਂ।