ਪਿੰਡ ਸੰਧਵਾਂ ਵਿਖੇ ਸੀਵਰੇਜ ਦੀ ਸਮੱਸਿਆ ਦਾ ਹੋਵੇਗਾ ਜਲਦ ਹੱਲ

  • ਡਿਪਟੀ ਕਮਿਸ਼ਨਰ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਫ਼ਰੀਦਕੋਟ 05 ਜਨਵਰੀ : ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਅੱਜ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਪਿੰਡ ਸੰਧਵਾਂ ਵਿਖੇ ਸੀਵਰੇਜ ਦੀ ਆ ਰਹੀ ਸਮੱਸਿਆ ਸਬੰਧੀ ਮੀਟਿੰਗ ਕੀਤੀ। ਉਨ੍ਹਾਂ ਸੀਵਰੇਜ਼ ਸਿਸਟਮ ਦੇ ਰੱਖ-ਰਖਾਅ ਅਤੇ ਸਫ਼ਾਈ ਆਦਿ ਦੇ ਸਮੁੱਚੇ ਕਾਰਜ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕਲੇ ਇੱਕਲੇ ਪੁਆਇੰਟ ਤੇ ਚਰਚਾ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਸੀਵਰੇਜ ਸਬੰਧੀ ਫੰਡਾਂ ਦੀ ਘਾਟ ਹੈ ਤਾਂ ਲਿਖਤੀ ਰੂਪ ਵਿੱਚ ਦਿੱਤਾ ਜਾਵੇ ਜਿਸ ਦੇ ਢੁੱਕਵੇਂ ਹੱਲ ਕੱਢੇ ਜਾਣਗੇ। ਉਨ੍ਹਾਂ ਕਿਹਾ ਇਸ ਕੰਮ ਵਿੱਚ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਸੀਵਰੇਜ ਸਬੰਧੀ ਕੰਮ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤਾਂ ਪਿੰਡ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਇੱਕ ਹਫਤੇ ਵਿੱਚ ਰਿਪਰੋਟ ਸਬਮਿਟ ਕਰਨ ਦੀ ਹਦਾਇਤ ਕੀਤੀ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਤੇ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾ  ਸਕੇ। ਉਨ੍ਹਾਂ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ  ਕੂੜਾ ਕਰਕਟ ਅਤੇ ਹੋਰ ਫਾਲਤੂ ਸਮਾਨ ਨਾਲਿਆਂ ਵਿੱਚ ਸੁੱਟਣ ਤੋਂ ਪ੍ਰਹੇਜ ਕਰਨ, ਆਪੋ ਆਪਣੇ ਘਰਾਂ ਵਿੱਚ ਡਸਟਬੀਨ ਲਵਾਉਣ, ਸਫਾਈ ਕਰਮਚਾਰੀਆਂ ਦੀਆਂ ਰੇਹੜੀਆਂ ਵਿੱਚ ਗਿੱਲਾ-ਸੁੱਕਾ ਕੂੜਾ ਵੱਖੋ ਵੱਖਰੇ ਢੰਗ ਨਾਲ ਪਾਉਣਾ ਯਕੀਨੀ ਬਣਾਉਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੀਵਰੇਜ ਦੀ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇਗਾ। ਇਸ ਮੌਕੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਦੇ ਪੀ.ਆਰ.ਓ. ਸ.ਮਨਪ੍ਰੀਤ ਸਿੰਘ ਧਾਲੀਵਾਲ ਨੇ ਡਿਪਟੀ ਕਮਿਸ਼ਨਰ ਨੂੰ ਪਿੰਡਾਂ ਵਿੱਚ ਛੱਪੜਾਂ ਦੇ ਪਾਣੀ ਦੀ ਸਫਾਈ ਅਤੇ ਨਿਕਾਸੀ ਸਬੰਧੀ ਆ ਰਹੀ ਸਮੱਸਿਆ ਬਾਰੇ ਵੀ ਜਾਣੂ ਕਰਵਾਇਆ। ਡਿਪਟੀ ਕਮਿਸ਼ਨਰ ਨੇ ਦਫਤਰ ਏ.ਡੀ.ਸੀ (ਡੀ) ਦੇ ਨਮਾਇੰਦਿਆਂ ਨੂੰ ਇਸ ਸਮੱਸਿਆ ਦੇ ਢੁੱਕਵੇਂ ਹੱਲ ਕਰਨ ਲਈ ਕਿਹਾ ਤਾਂ ਜੋ ਪਿੰਡ ਵਾਸੀਆਂ ਨੂੰ ਖੜ੍ਹੇ ਪਾਣੀ ਕਾਰਨ ਬਿਮਾਰੀਆਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਡੀ.ਡੀ.ਪੀ.ਓ ਸ੍ਰੀ ਨੀਰਜ ਕੁਮਾਰ, ਸ੍ਰੀ ਜਿਨੇਸ਼ ਗੋਇਲ ਐਕਸੀਅਨ ਕੈਨਾਲ ਡਵੀਜਨ, ਅਨਮੋਲ ਐਸ.ਸੀ.ਓ, ਐਕਸੀਅਨ ਡਰੇਨੇਜ਼ ਵਿਭਾਗ ਸ. ਜਗਸੀਰ ਸਿੰਘ, ਐਸ.ਡੀ.ਓ ਪੰਚਾਇਤੀ ਰਾਜ ਸ੍ਰੀ ਨਿਖਿਲ ਕੁਮਾਰ,ਭੂਮੀ ਰੱਖਿਆ ਵਿਭਾਗ ਤੋਂ ਰਾਜਵਿੰਦਰ ਕੌਰ, ਸੁਖਵੰਤ ਸਿੰਘ ਪੱਕਾ ਜ਼ਿਲ੍ਹਾ ਯੂਥ ਪ੍ਰਧਾਨ, ਗੁਰਜਿੰਦਰ ਸਿੰਘ, ਅਤੇ ਦੀਪਕ ਮੌਂਗਾ ਹਾਜ਼ਰ ਸਨ।