ਹੜ੍ਹ ਪ੍ਰਭਾਵਿਤ ਖੇਤਰ ਵਿੱਚ ਨਿੱਜੀ ਹਸਪਤਾਲ ਸਿਹਤ ਵਿਭਾਗ ਨਾਲ ਸਹਿਯੋਗ ਕਰਨਗੇ

  • ਸਿਹਤ ਅਧਿਕਾਰੀਆਂ ਨੇ ਸਿਵਲ ਸਰਜਨ ਦਫ਼ਤਰ ਵਿੱਚ ਆਈਐਮਏ ਨਾਲ ਮੀਟਿੰਗ ਕੀਤੀ

ਫਾਜ਼ਿਲਕਾ 13 ਜੁਲਾਈ : ਹੜ੍ਹ ਪ੍ਰਭਾਵਿਤ ਇਲਾਕਿਆਂ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਹੁਣ ਨਿੱਜੀ ਹਸਪਤਾਲਾਂ ਦੇ ਦਰਵਾਜ਼ੇ ਖੁੱਲ੍ਹੇ ਮਿਲਣਗੇ। ਇਸ ਸਬੰਧੀ ਸਿਵਲ ਸਰਜਨ ਦਫ਼ਤਰ ਵਿੱਖੇ ਨਿੱਜੀ ਹਸਪਤਾਲ ਦੇ ਡਾਕਟਰਾਂ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਸਿਵਲ ਸਰਜਨ ਡਾ: ਸਤੀਸ਼ ਗੋਇਲ, ਸਹਾਇਕ ਸਿਵਲ ਸਰਜਨ ਡਾ: ਬਬੀਤਾ ਅਤੇ ਜ਼ਿਲ੍ਹਾ ਪਰਿਵਾਰ ਭਲਾਈ  ਅਧਿਕਾਰੀ ਡਾ.ਕਵਿਤਾ ਸਿੰਘ ਹਾਜ਼ਰ ਸਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ: ਸਤੀਸ਼ ਗੋਇਲ ਨੇ ਦੱਸਿਆ ਕਿ ਬੀਤੇ ਦਿਨੀਂ ਮਾਨਯੋਗ ਸਿਹਤ ਮੰਤਰੀ ਡਾ: ਬਲਬੀਰ ਸਿੰਘ ਅਤੇ ਹੋਰ ਉੱਚ ਅਧਿਕਾਰੀਆਂ ਦੀ ਵੀਡੀਓ ਕਾਨਫ਼ਰੰਸ ਦੌਰਾਨ ਆਈ.ਐਮ.ਏ ਦੀ ਤਰਫ਼ੋਂ ਮੀਟਿੰਗ ਕਰਕੇ ਉਨ੍ਹਾਂ ਦਾ ਸਹਿਯੋਗ ਲੈਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਜਿਸ ਤਹਿਤ ਮੀਟਿੰਗ ਅੱਜ ਹੋਈ ਹੈ ਅਤੇ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਸਾਰੇ ਡਾਕਟਰ ਇਸ ਮਾਮਲੇ ਵਿੱਚ ਸਿਹਤ ਵਿਭਾਗ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਮਿਲ ਰਹੀਆਂ ਸਿਹਤ ਸਹੂਲਤਾਂ ਦੀ ਲੋੜ ਪੈਣ 'ਤੇ ਵਰਤੋਂ ਕੀਤੀ ਜਾਵੇਗੀ। ਇਸੇ ਤਰ੍ਹਾਂ ਸਹਾਇਕ ਸਿਵਲ ਸਰਜਨ ਡਾ: ਬਬੀਤਾ ਨੇ ਦੱਸਿਆ ਕਿ ਟੀਮ ਲਗਾਤਾਰ ਸਿਹਤ ਵਿਭਾਗ ਦੇ ਕੰਟਰੋਲ ਰੂਮ ਅਤੇ ਰਾਹਤ ਕੈਂਪਾਂ ਵਿੱਚ ਲੱਗੀ ਹੋਈ ਹੈ, ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਵਿੱਚ ਬੈੱਡ ਰਾਖਵੇਂ ਰੱਖੇ ਗਏ ਹਨ। ਹਾਲਾਂਕਿ ਹੁਣ ਤੱਕ ਹਾਲਤ ਠੀਕ ਹੈ ਅਤੇ ਜੇਕਰ ਲੋੜ ਪਈ ਤਾਂ ਪ੍ਰਾਈਵੇਟ ਹਸਪਤਾਲਾਂ ਦੀ ਮੈਨ ਪਾਵਰ ਅਤੇ ਹੋਰ ਸਾਧਨਾ ਨੂੰ ਲੋਕਾਂ ਦੀ ਮਦਦ ਲਈ ਵਰਤੋ ਵਿਚ ਲਿਆਂਦੀ ਜਾਵੇਗੀ। ਆਈਐਮਏ ਦੇ ਮੁਖੀ ਡਾ: ਨਰਿੰਦਰ ਸੇਠੀ ਅਤੇ ਡਾ: ਨਵਦੀਪ ਜਸੂਜਾ ਨੇ ਕਿਹਾ ਕਿ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਨਿੱਜੀ ਹਸਪਤਾਲਾਂ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ ਅਤੇ ਸਿਹਤ ਵਿਭਾਗ ਦੇ ਨਾਲ-ਨਾਲ ਸਾਰੇ ਡਾਕਟਰ ਆਪਣੇ ਹਸਪਤਾਲ ਦੇ ਸਟਾਫ਼ ਦੇ ਨਾਲ ਉਨ੍ਹਾਂ ਦੇ ਨਾਲ ਖੜ੍ਹੇ ਹਨ, ਸਰਕਾਰ ਵੱਲੋਂ ਜੋ ਵੀ ਹਦਾਇਤਾਂ ਆਉਣਗੀਆਂ, ਪ੍ਰਾਈਵੇਟ ਡਾਕਟਰ ਸਿਹਤ ਵਿਭਾਗ ਨਾਲ ਮਿਲ ਕੇ ਲੋਕਾਂ ਦੀ ਮਦਦ ਕਰਨਗੇ। ਇਸ ਦੌਰਾਨ ਡਾ: ਖੋਸਾ, ਡਾ: ਐਰਿਕ, ਮਾਸ ਮੀਡੀਆ ਵਿੰਗ ਤੋਂ ਦਿਵੇਸ਼ ਕੁਮਾਰ, ਲੇਖਾਕਾਰ ਸੰਜੀਵ ਕੁਮਾਰ, ਮੋਹਿਤ ਕੁਮਾਰ ਆਦਿ ਹਾਜ਼ਰ ਸਨ।