ਜਬਰ-ਜ਼ਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਕੈਦੀ ਪੁਲਿਸ ਹਿਰਾਸਤ ਵਿਚੋਂ ਫਰਾਰ

ਮਾਨਸਾ 9 ਜੂਨ : ਜੋਗਾ ਦੇ ਪੁਲਿਸ ਥਾਣੇ ’ਚ ਧਾਰਾ 376 ਅਧੀਨ ਦਰਜ਼ ਮੁਕੱਦਮੇ ਦਾ ਮੁਲਜ਼ਮ, ਜੋ ਬਠਿੰਡਾ ਜੇਲ੍ਹ ’ਚ ਬੰਦ ਹੈ, ਅੱਜ ਪੇਸ਼ੀ ਭੁਗਤਣ ਉਪਰੰਤ ਵਾਪਸੀ ਮੌਕੇ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਿਸ ਵੱਲੋਂ ਕੀਤੀ ਭੱਜਦੌੜ ਦੇ ਬਾਵਜ਼ੂਦ ਉਸ ਨੂੰ ਮੁੜ ਕਾਬੂ ਨਹੀਂ ਕੀਤਾ ਜਾ ਸਕਿਆ। ਵੇਰਵਿਆਂ ਮੁਤਾਬਿਕ ਮੁਲਜ਼ਮ ਜਗਦੀਪ ਸਿੰਘ (30) ਪੁੱਤਰ ਗਮਦੂਰ ਸਿੰਘ ਨੂੰ ਬਠਿੰਡਾ ਪੁਲਿਸ ਪੇਸ਼ੀ ’ਤੇ ਮਾਨਸਾ ਅਦਾਲਤ ’ਚ ਲੈ ਕੇ ਗਈ ਸੀ। ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੇਸ਼ੀ ਭੁਗਤਣ ਉਪਰੰਤ ਵਾਪਸੀ ਵੇਲੇ ਜਦੋਂ ਕੈਦੀਆਂ ਨੂੰ ਪੁਲਿਸ ਦੀ ਬੱਸ ’ਚ ਚੜ੍ਹਾਇਆ ਜਾ ਰਿਹਾ ਸੀ ਤਾਂ ਜਗਦੀਪ ਸਿੰਘ  ਪਿਸ਼ਾਬ ਕਰਨ ਦਾ ਬਹਾਨਾਂ ਲਾਇਆ ਤੇ ਇਸੇ ਦੌਰਾਨ ਉਹ ਹੱਥਕੜੀ ’ਚੋਂ ਆਪਣਾ ਗੁੱਟ ਕਢਾ ਕੇ ਫਰਾਰ ਹੋ ਗਿਆ। ਏਐਸਆਈ ਦੇ ਦੱਸਣ ਮੁਤਾਬਿਕ ਪੁਲਿਸ ਪਾਰਟੀ ਵੱਲੋਂ ਕਰੀਬ ਦੋ-ਢਾਈ ਕਿਲੋਮੀਟਰ ਫਰਾਰ ਮੁਲਜ਼ਮ ਦਾ ਪਿੱਛਾ ਵੀ ਕੀਤਾ ਗਿਆ ਪਰ ਹੱਥ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਇਸ ਬਾਰੇ ਪੁਲਿਸ ਕੰਟਰੋਲ ਰੂਮ ਬਠਿੰਡਾ ਅਤੇ ਮਾਨਸਾ ਨੂੰ ਸੂਚਿਤ ਕਰ ਦਿੱਤਾ ਹੈ ਤੇ ਮੁਲਜ਼ਮ ਨੂੰ ਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।