ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਕੁਝ ਕੁ ਲੋਕਾਂ ਦੇ ਹੱਥਾਂ 'ਚ ਵੇਚ ਦਿੱਤਾ ਹੈ : ਡਾ: ਅਮਰ ਸਿੰਘ

ਭਾਰਤ ਜੋੜੋ ਯਾਤਰਾ ਸਬੰਧੀ ਮਹਿਲ ਕਲਾਂ ਵਿਖੇ ਮੀਟਿੰਗ ਹੋਈ।
ਮਹਿਲ ਕਲਾਂ 06 ਜਨਵਰੀ (ਗੁਰਸੇਵਕ ਸਿੰਘ ਸਹੋਤਾ) :
ਭਾਰਤ ਜੋੜੋ ਯਾਤਰਾ ਦੀ ਪੰਜਾਬ ਆਮਦ ਸਬੰਧੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਨਾਲ ਸਬੰਧਤ ਪ੍ਰਮੁੱਖ ਆਗੂਆਂ ਦੀ ਅਹਿਮ ਮੀਟਿੰਗ ਅੱਜ ਇੱਥੇ ਸੀਨੀਅਰ ਕਾਂਗਰਸੀ ਆਗੂ ਸਰਬਜੀਤ ਸਿੰਘ ਸਰਬੀ ਦੇ ਗ੍ਰਹਿ ਵਿਖੇ ਹੋਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸੰਸਦ ਮੈਂਬਰ ਡਾ: ਅਮਰ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਕੁਝ ਕੁ ਲੋਕਾਂ ਦੇ ਹੱਥਾਂ 'ਚ ਵੇਚ ਦਿੱਤਾ ਹੈ। ਉਨ੍ਹਾਂ ਨੂੰ ਦੇ ਲੋਕਾਂ ਦੇ ਹਿੱਤਾਂ ਦੀ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਦੀਆਂ ਇਹ ਨੀਤੀਆਂ ਦੇਸ਼ ਲਈ ਘਾਤਕ ਸਿੱਧ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵਲੋਂ ਸਮੁੱਚੇ ਦੇਸ਼ ਨੂੰ ਇੱਕਜੁੱਟ ਕਰਨ ਅਤੇ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਦੇਸ਼ ਵਾਸੀਆਂ ਨੂੰ ਜਾਣੂ ਕਰਵਾਉਣ ਵਾਸਤੇ ਕੰਨਿਆ ਕੁਮਾਰੀ ਤੋਂ ਜੰਮੂ ਕਸ਼ਮੀਰ ਤੱਕ ਭਾਰਤ ਜੋੜੋ ਯਾਤਰਾ ਕੱਢੀ ਜਾ ਰਹੀ ਹੈ, ਜੋ 11 ਜਨਵਰੀ ਨੂੰ ਪੰਜਾਬ ਪਹੁੰਚਣ ਜਾ ਰਹੀ ਹੈ। ਜਿਸ ਨੂੰ ਲੈ ਕੇ ਕਾਂਗਰਸੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਹਰ ਵਰਕਰ ਇਸ ਯਾਤਰਾ ਨੂੰ ਇਤਿਹਾਸਕ ਯਾਤਰਾ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ ਤਾਂ ਜੋ ਰਾਹੁਲ ਗਾਂਧੀ ਦਾ ਸ਼ਾਨਦਾਰ ਸਵਾਗਤ ਕੀਤਾ ਜਾ ਸਕੇ। ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸਮੂਹ ਕਾਂਗਰਸੀ ਵਰਕਰਾਂ ਨੂੰ ਇਸ ਯਾਤਰਾ ਨੂੰ ਸਫ਼ਲ ਬਣਾਉਣ ਲਈ ਜੁੱਟ ਜਾਣ ਦਾ ਸੱਦਾ ਦਿੱਤਾ। ਇਸ ਮੌਕੇ ਆੜ੍ਹਤੀਆ ਸਰਬਜੀਤ ਸਿੰਘ ਸਰਬੀ ਵਲੋਂ ਸੰਸਦ ਮੈਂਬਰ ਡਾ: ਅਮਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਗਰੂਪ ਸਿੰਘ ਕਲਾਲ ਮਾਜਰਾ, ਬਾਬੂ ਰੌਸ਼ਨ ਲਾਲ ਬਾਂਸਲ, ਸੁਖਵਿੰਦਰ ਸਿੰਘ ਭੋਲਾ, ਮੰਗਤ ਸਿੰਘ ਸਿੱਧੂ, ਨੰਬਰਦਾਰ ਸੁਖਵਿੰਦਰ ਸਿੰਘ, ਹਰਦੇਵ ਸਿੰਘ ਧਨੇਰ, ਮਨਦੀਪ ਸਿੰਘ ਗਰੇਵਾਲ, ਗਗਨਦੀਪ ਸਿੰਘ ਸਰਾਂ, ਮਨਕਰਨ ਸਿੰਘ ਸੋਢਾ, ਮਹੇਸ਼ ਕੁਮਾਰ ਲੋਟਾ, ਜਗਦੀਪ ਸਿੰਘ ਮਠਾੜੂ, ਨੰਬਰਦਾਰ ਗੁਰਮੇਲ ਸਿੰਘ, ਬੱਗਾ ਸਿੰਘ ਆਦਿ ਹਾਜ਼ਰ ਸਨ।