ਧੀਆਂ ਨਾਲ ਸਮਾਜ ਵਿੱਚ ਮਾਣ ਵੱਧਦਾ ਹੈ: ਵਿਧਾਇਕ ਹੈਪੀ

  • ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਖਮਾਣੋਂ ਵਿਖੇ ਮਨਾਈ ਗਈ ਧੀਆਂ ਦੀ ਲੋਹੜੀ

ਫ਼ਤਹਿਗੜ੍ਹ ਸਾਹਿਬ, 18 ਜਨਵਰੀ : ਸਾਡੇ ਧਾਰਮਿਕ ਗ੍ਰੰਥਾਂ ਵਿੱਚ ਲੜਕੀਆਂ ਨੂੰ ਉੱਚਤਮ ਦਰਜ਼ਾ ਦਿੱਤਾ ਗਿਆ ਹੈ ਇਸ ਲਈ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਆਪਣੀਆਂ ਧੀਆਂ ਨੂੰ ਆਪਣੇ ਪੁੱਤਰਾਂ ਵਾਂਗ ਹੀ ਸਮਾਜ ਵਿੱਚ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕਰੀਏ, ਕਿਉਂਕਿ ਧੀਆਂ ਨਾਲ ਸਮਾਜ ਵਿੱਚ ਮਾਪਿਆਂ ਦਾ ਮਾਣ ਵੱਧਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਸੀ ਪਠਾਣਾ ਦੇ ਵਿਧਾਇਕ ਸ: ਰੁਪਿੰਦਰ ਸਿੰਘ ਹੈਪੀ ਨੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸੀ.ਡੀ.ਪੀ.ਓ. ਦਫ਼ਤਰ ਖਮਾਣੋਂ ਵਿਖੇ ਮਨਾਈ ਗਈ ਧੀਆਂ ਦੀ ਲੋਹੜੀ ਪ੍ਰੋਗਰਾਮ  ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਮਾਪਿਆਂ ਨੂੰ ਇਹ ਵੀ ਚਾਹੀਦਾ ਹੈ ਕਿ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਬਾਰੇ ਲੜਕੀਆਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ  ਜਾਵੇ ਤਾਂ ਜੋ ਲੜਕੀਆਂ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਅਹਿਮ ਯੋਗਦਾਨ ਪਾ ਸਕਣ। ਵਿਧਾਇਕ ਹੈਪੀ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਲੜਕੀਆਂ ਨੂੰ ਆਤਮ ਰੱਖਿਆ ਦੇ ਗੁਣ ਵੀ ਸਿਖਾਉਣੇ ਚਾਹੀਦੇ ਹਨ ਤਾਂ ਜੋ ਉਂਹ ਸਮਾਜ ਵਿੱਚ ਸੁਰੱਖਿਅਤ ਭਾਵਨਾਂ ਨਾਲ ਹੋਰ ਅੰਗੇ ਵੱਧ ਸਕਣ। ਇਸ ਮੌਕੇ ਵਿਧਾਇਕ ਹੈਪੀ ਤੇ ਐਸ.ਡੀ.ਐਮ. ਖਮਾਣੋਂ ਸ਼੍ਰੀਮਤੀ ਮਨਰੀਤ ਰਾਣਾ ਨੇ 50 ਨਵ-ਜੰਮੀਆਂ ਲੜਕੀਆਂ ਨੂੰ ਸਨਮਾਨਤ ਵੀ ਕੀਤਾ। ਇਸ ਸਮਾਗਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਮਾਣੋਂ ਦੇ ਬੱਚਿਆਂ ਵੱਲੋਂ ਪੰਜਾਬ ਦੇ ਲੋਕ ਨਾਚ ਭੰਗੜਾ ਤੇ  ਗਿੱਧਾ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਗੁਰਮੀਤ ਸਿੰਘ, ਤਹਿਸੀਲਦਾਰ ਖਮਾਣੋਂ ਸ਼੍ਰੀ ਗੁਰਦੀਪ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀ ਹਰਭਜਨ ਸਿੰਘ, ਸੀ.ਡੀ.ਪੀ.ਓ. ਖਮਾਣੋਂ ਗਗਨਦੀਪ ਸਿੰਘ, ਕਾਨੂੰਨਗੋ ਕਰਮਜੀਤ ਸਿੰਘ, ਸੰਜੀਵ ਕਾਲੜਾ, ਪਰਵਿੰਦਰ ਰਾਣਾ, ਗੁਰਦੀਪ ਸਿੰਘ ਪ੍ਰਧਾਨ, ਹਰਿੰਦਰ ਕੌਰ, ਪ੍ਰੀਤੀ, ਹਰਪ੍ਰੀਤ ਕੌਰ, ਅਨਿਲ ਕੁਮਾਰ ਅਤੇ ਸਿਮਰਨਜੀਤ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।