ਸ਼ਹੀਦ ਹੌਲਦਾਰ ਮਨਦੀਪ ਸਿੰਘ ਦੇ ਗ੍ਰਹਿ ਪਹੁੰਚੇ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ

  • ਸਾਡੇ ਫ਼ੌਜੀ ਜਵਾਨ ਦੇਸ਼ ਦੀ ਰਾਖੀ ਲਈ ਠੰਢ, ਗਰਮੀ, ਬਰਫ਼ ਵਿਚ ਵੀ ਹਿੱਕ ਤਾਣ ਕੇ ਮੋਢੇ 'ਤੇ ਬੰਦੂਕ ਰੱਖ ਕੇ ਬਾਰਡਰ 'ਤੇ ਪਹਿਰਾ ਦਿੰਦੇ ਹਨ- ਬਾਵਾ

ਲੁਧਿਆਣਾ, 23 ਅਪ੍ਰੈਲ : ਜੰਮੂ ਕਸ਼ਮੀਰ ਪੁਣਛ ਨੈਸ਼ਨਲ ਹਾਈਵੇਅ 'ਤੇ ਤੋਤਾ ਗਲੀ ਵਿਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਨੌਜਵਾਨ ਮਨਦੀਪ ਸਿੰਘ ਦੇ ਗ੍ਰਹਿ ਚਣਕੋਈਆ ਕਲਾਂ ਪਿੰਡ ਵਿਚ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਦੇਸ਼ ਭਗਤ ਯਾਦਗਾਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਪਹੁੰਚੇ। ਇਸ ਮੌਕੇ ਉਹਨਾਂ ਨਾਲ ਸੁਸਾਇਟੀ ਦੇ ਯੂਥ ਨੇਤਾ ਬਾਵਾ ਪਰਮਿੰਦਰ ਪਾਰਸ ਉੱਘੇ ਆਰਟਿਸਟ ਅਤੇ ਅਰਜਨ ਬਾਵਾ ਵੀ ਸਨ। ਇਸ ਸਮੇਂ ਸ਼੍ਰੀ ਬਾਵਾ ਸ਼ਹੀਦ ਮਨਦੀਪ ਸਿੰਘ ਦੇ ਮਾਤਾ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਮਿਲੇ। ਉਹਨਾਂ ਕਿਹਾ ਕਿ ਮਨਦੀਪ ਸਿੰਘ ਦੀ ਸ਼ਹਾਦਤ ਦੇਸ਼ ਦੀ ਸੁਰੱਖਿਆ ਅਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਹੈ। ਬਾਵਾ ਨੇ ਕਿਹਾ ਕਿ ਪਰਿਵਾਰ ਦੇ ਮੈਂਬਰਾਂ ਅੰਦਰ ਦ੍ਰਿੜ੍ਹਤਾ ਅਤੇ ਦੇਸ਼ ਭਗਤੀ ਦੇਖ ਕੇ ਹਰ ਦੇਸ਼ ਵਾਸੀ ਦੇ ਮਨ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ। ਉਹਨਾਂ ਕਿਹਾ ਕਿ ਇਹ ਪਰਿਵਾਰ ਮੇਰੇ ਪੁਰਾਣੇ ਦੋਸਤ ਕਾਂਗਰਸੀ ਨੇਤਾ ਸਾਬਕਾ ਮੰਤਰੀ ਈਸ਼ਰ ਸਿੰਘ ਮਿਹਰਬਾਨ ਦਾ ਕਰੀਬੀ ਰਿਸ਼ਤੇਦਾਰ ਹੈ। ਬਾਵਾ ਨੇ ਕਿਹਾ ਕਿ ਸਾਡੇ ਫ਼ੌਜੀ ਜਵਾਨ ਦੇਸ਼ ਦੀ ਰਾਖੀ ਲਈ ਠੰਢ, ਗਰਮੀ, ਬਰਫ਼ ਦੀ ਪਰਵਾਹ ਨਾ ਕਰਦੇ ਹੋਏ ਵੀ ਹਿੱਕ ਤਾਣ ਕੇ ਮੋਢੇ 'ਤੇ ਬੰਦੂਕ ਰੱਖ ਕੇ ਬਾਰਡਰ 'ਤੇ ਪਹਿਰਾ ਦਿੰਦੇ ਹਨ ਤਾਂ ਕਿ ਦੇਸ਼ ਵਾਸੀ ਸੁੱਖ ਦੀ ਨੀਂਦ ਸੌਂ ਸਕਣ। ਇਹਨਾਂ ਸ਼ਹੀਦ ਹੋਏ ਜਵਾਨਾਂ ਨੂੰ ਅਸੀਂ ਦਿਲੋਂ ਸਲੂਟ ਕਰਦੇ ਹਾਂ ਅਤੇ ਪਰਿਵਾਰਾਂ ਨਾਲ ਹਮੇਸ਼ਾ ਦੁੱਖ ਸੁੱਖ ਵਿਚ ਖੜਨ ਦਾ ਵਾਅਦਾ ਕਰਦੇ ਹਾਂ।