ਕਿਸਾਨ ਜਥੇਬੰਦੀਆਂ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਨੂੰ ਫਿਰ ਤੋਂ ਫਰੀ ਕਰਾਉਣ ਦੀ ਤਿਆਰੀ

ਲੁਧਿਆਣਾ, 12 ਅਗਸਤ 2024 : ਲਾਡੋਵਾਲ ਟੋਲ ਪਲਾਜ਼ਾ ਨੂੰ ਫਰੀ ਕਰਾਉਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਇੱਕ ਵਾਰ ਫਿਰ ਤੋਂ ਸੰਘਰਸ਼ ਵਿੱਢਣ ਦੀ ਤਿਆਰੀ ਵਿੱਚ ਹਨ। ਕਿਸਾਨਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਅਲਟੀਮੇਟਮ ਦਿੱਤਾ ਹੈ ਕਿ ਟੋਲ ਪਲਾਜ਼ਾ ‘ਤੇ ਵਾਹਨਾਂ ਨੂੰ ਲੱਗਣ ਵਾਲੇ ਟੈਕਸ ਨੂੰ ਤੁਰੰਤ ਘੱਟ ਕੀਤਾ ਜਾਵੇ। ਕਿਸਾਨਾਂ ਨੇ ਕਿਹਾ ਕਿ ਜੇਕਰ ਤੁਰੰਤ ਰੇਟ ਘੱਟ ਨਹੀਂ ਕੀਤੇ ਗਏ ਤਾਂ ਇੱਕ ਵਾਰ ਫਿਰ ਤੋਂ ਟੋਲ ਪਲਾਜ਼ਾ ਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਟੋਲ ਪਲਾਜ਼ਾ ਮੁਕਤ ਕਰਵਾ ਦਿੱਤਾ ਜਾਵੇਗਾ। ਇੱਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 46 ਦਿਨਾਂ ਤੱਕ ਕਿਸਾਨਾਂ ਨੇ ਟੋਲ ਪਲਾਜ਼ਾ ਤੇ ਪੱਕਾ ਮੋਰਚਾ ਲਗਾਇਆ ਸੀ ਅਤੇ ਟੋਲ ਮੁਫਤ ਕਰਵਾਇਆ ਸੀ। ਇਸ ਮਾਮਲੇ ‘ਤੇ ਹਾਈ ਕੋਰਟ ਦੇ ਵਿੱਚ ਵੀ ਕੇਸ ਚੱਲਿਆ ਸੀ ਪਰ ਕਿਸਾਨਾਂ ਨੂੰ ਸਿੱਧੇ ਤੌਰ ਤੇ ਪਾਰਟੀ ਨਹੀਂ ਬਣਾਇਆ ਗਿਆ। ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਵਕੀਲਾਂ ਨੇ ਵੀ ਬਹਿਸ ਕੀਤੀ ਸੀ। ਪਰ ਨੈਸ਼ਨਲ ਹਾਈਵੇ ਅਥੋਰਟੀ ਦੇ ਪੱਖ ਦੇ ਵਿੱਚ ਹਾਈਕੋਰਟ ਨੇ ਫੈਸਲਾ ਸੁਣਾਇਆ ਸੀ। ਹਾਈ ਕੋਰਟ ਵੱਲੋਂ ਪ੍ਰਸ਼ਾਸਨ ਨੂੰ ਟੋਲ ਸ਼ੁਰੂ ਕਰਾਉਣ ਦੇ ਹੁਕਮ ਦਿੱਤੇ ਗਏ ਸਨ ਜਿਸ ਦਾ ਪਾਲਣ ਕਰਦਿਆਂ ਪੁਲਿਸ ਨੇ ਧਰਨਾਕਾਰੀ ਕਿਸਾਨਾਂ ਨੂੰ ਹਿਰਾਸਤ ‘ਚ ਲਿਆ ਸੀ ਅਤੇ ਫਿਰ ਟੋਲ ਸ਼ੁਰੂ ਕਰਵਾ ਦਿੱਤਾ ਗਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਕਿਸਾਨ ਜਥੇਬੰਦੀਆਂ ਇਸ ਮੁੱਦੇ ਨੂੰ ਲੈ ਕੇ ਸਰਗਰਮ ਹੋ ਗਈਆਂ ਹਨ। ਕਿਸਾਨ ਜਥੇਬੰਦੀ ਦੇ ਪ੍ਰਧਾਨ ਦਿਲਬਾਗ ਸਿੰਘ ਦਾ ਕਹਿਣਾ ਹੈ ਕਿ 15 ਅਗਸਤ ਨੂੰ ਇੱਕ ਟਰੈਕਟਰ ਮਾਰਚ ਕੱਢਿਆ ਜਾਵੇਗਾ। ਇਸ ਟਰੈਕਟਰ ਮਾਰਚ ਰਾਹੀਂ ਟੋਲ ਪਲਾਜ਼ਾ ਨੂੰ ਟਾਰਗੇਟ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਦੁਆਬਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ 18 ਅਗਸਤ ਨੂੰ ਲਾਡੋਵਾਲ ਟੋਲ ਪਲਾਜ਼ਾ ਤੇ ਮੀਟਿੰਗ ਕਰਕੇ ਆਉਂਦੇ ਦਿਨਾਂ ਚ ਟੋਲ ਪਲਾਜ਼ਾ ਨੂੰ ਟੋਲ ਮੁਕਤ ਕਰਾਉਣ ਦੀ ਮੁਹਿੰਮ ਅਰੰਭੀ ਜਾਵੇਗੀ।