ਪੀਏਯੂ ਵਿਚ ਕਿਸਾਨ ਮੇਲੇ ਦੀ ਤਿਆਰੀ,  ਸਾਉਣੀ ਲਈ ਨਵੀਆਂ ਕਿਸਮਾਂ ਅਤੇ ਤਕਨੀਕਾਂ ਨੂੰ ਪ੍ਰਸਾਰਿਤ ਕਰੇਗਾ ਮੇਲਾ

ਲੁਧਿਆਣਾ 23 ਮਾਰਚ : ਪੀ.ਏ.ਯੂ. 24 ਅਤੇ 25 ਮਾਰਚ ਨੂੰ ਦੋ ਰੋਜ਼ਾ ਕਿਸਾਨ ਮੇਲਾ ਕਰਵਾਉਣ ਲਈ ਤਿਆਰ ਬਰ ਤਿਆਰ ਹੈ। ਇਸ ਮੇਲੇ ਦਾ ਉਦਘਾਟਨ ਪੰਜਾਬ ਦੇ ਖੇਤੀਬਾੜੀ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਕਰਨਗੇ, ਜਦਕਿ ਡਾ: ਸਤਿਬੀਰ ਸਿੰਘ ਗੋਸਲ, ਵਾਈਸ-ਚਾਂਸਲਰ, ਪੀ.ਏ.ਯੂ.  , ਸਮਾਗਮ ਦੀ ਪ੍ਰਧਾਨਗੀ ਕਰਨਗੇ।  ਯੂਨੀਵਰਸਿਟੀ ਕੈਂਪਸ ਨੂੰ ਸਜਾਇਆ ਗਿਆ ਹੈ ਅਤੇ ਵੱਖ-ਵੱਖ ਵਿਭਾਗ ਵਿਗਿਆਨੀਆਂ ਅਤੇ ਮਾਹਿਰਾਂ ਨਾਲ ਆਹਮੋ ਸਾਹਮਣੇ ਗੱਲਬਾਤ ਰਾਹੀਂ ਕਿਸਾਨਾਂ ਦੇ ਖੇਤੀ ਗਿਆਨ ਨੂੰ ਵਧਾਉਣ ਅਤੇ ਹੁਨਰ ਨੂੰ ਵਧੀਆ ਬਣਾਉਣ ਲਈ ਸਟਾਲ ਲੱਗ ਚੁੱਕੇ ਹਨ।  ਮੇਲੇ ਵਿੱਚ ਹਿੱਸਾ ਲੈਣ ਲਈ ਖੇਤੀਬਾੜੀ ਭਾਈਚਾਰੇ ਨੂੰ ਖੁੱਲ੍ਹਾ ਸੱਦਾ ਦਿੰਦੇ ਹੋਏ ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਖੇਤੀ-ਨੂੰ ਨਵੀਨ ਰਾਹਾਂ ਤੇ ਤੋਰਨ ਦੀਆਂ ਤਕਨਾਲੋਜੀਆਂ ਵਿਕਸਿਤ ਕਰਕੇ ਕਿਸਾਨਾਂ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਉੱਚਾ ਚੁੱਕਣ ਲਈ ਦਿਨ-ਰਾਤ ਮਿਹਨਤ ਕੀਤੀ ਹੈ।  ਮੇਲੇ ਦਾ ਮੰਤਵ ਖੇਤੀ ਉਦਯੋਗਾਂ ਦਾ ਵਿਕਾਸ ਅਤੇ ਨੌਜਵਾਨਾਂ ਲਈ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਮੇਲੇ ਦਾ ਉਦੇਸ਼ ਆਓ ਖੇਤੀ ਖਰਚ ਘਟਾਈਏ, ਵਾਧੂ ਪਾਣੀ ਖਾਦ ਨਾ ਪਾਈਏ ਰੱਖਿਆ ਗਿਆ ਹੈ। ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ  ਢੱਟ ਨੇ ਦਰਸਾਇਆ ਕਿ ਪੀਏਯੂ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਘੱਟ ਕਰਨ, ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਖੇਤੀ ਲਾਗਤਾਂ  ਦੀ ਕੁਸ਼ਲਤਾ ਨੂੰ ਵਧਾਉਣ ਲਈ ਤਕਨਾਲੋਜੀਆਂ ਨੂੰ ਵਿਕਸਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਪਸਾਰ ਸਿੱਖਿਆ ਦੇ ਨਿਰਦੇਸ਼ਕ ਡਾ. ਗੁਰਮੀਤ ਸਿੰਘ ਬੁੱਟਰ ਨੇ ਦੱਸਿਆ ਕਿ ਕਿਸਾਨਾਂ ਨੂੰ ਲਾਈਵ ਪ੍ਰਦਰਸ਼ਨਾਂ, ਪ੍ਰਦਰਸ਼ਨੀਆਂ ਅਤੇ ਤਕਨੀਕੀ ਸੈਸ਼ਨਾਂ ਰਾਹੀਂ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਇਆ ਜਾਵੇਗਾ। ਮੇਲੇ ਦੀਆਂ ਝਲਕੀਆਂ ਵਿੱਚ ਮੱਕੀ ਦੇ ਪੀ ਐਮ ਐਚ 14 ਅਤੇ ਚਰ੍ਹੀ ਦੇ ਐੱਸ ਐਲ 46 'ਤੇ ਸਜੀਵ ਪ੍ਰਦਰਸ਼ਨ ਸ਼ਾਮਲ ਹੋਣਗੇ। ਨਾਲ ਹੀ ਨਰਸਰੀ ਪਾਲਣ ਦੀਆਂ ਤਕਨੀਕਾਂ, ਰਸੋਈ ਬਗੀਚੀ ਦਾ ਮਾਡਲ, ਬਾਗਬਾਨੀ ਫਸਲਾਂ ਦੀਆਂ ਨਵੀਆਂ ਜਾਰੀ ਕੀਤੀਆਂ ਕਿਸਮਾਂ, ਮਿੰਨੀ ਹਰਬਲ ਗਾਰਡਨ, ਵਰਮੀ ਕੰਪੋਸਟ ਯੂਨਿਟ, ਸੰਯੁਕਤ ਖੇਤੀ ਪ੍ਰਣਾਲੀ ਯੂਨਿਟ, ਜੈਵਿਕ ਉਤਪਾਦਨ ਤਕਨੀਕਾਂ, ਜ਼ਮੀਨ ਰੋਜ਼ ਤੁਪਕਾ ਸਿੰਚਾਈ ਅਤੇ ਖਾਦ ਸਿੰਚਾਈ ਵਿਧੀ ਦੀ ਨੁਮਾਇਸ਼ ਹੋਵੇਗੀ। ਵੱਖ-ਵੱਖ ਫ਼ਸਲਾਂ ਵਿੱਚ ਸੁਰੱਖਿਅਤ ਖੇਤੀ, ਖੁੰਬਾਂ ਦੀ ਕਾਸ਼ਤ, ਮੱਖੀਆਂ ਪਾਲਣ, ਕੀਟਨਾਸ਼ਕਾਂ ਦੀ ਸੁਰੱਖਿਅਤ ਵਰਤੋਂ ਅਤੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦੇ ਪ੍ਰਬੰਧਨ ਬਾਰੇ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ।  ਇਸ ਤੋਂ ਇਲਾਵਾ ਪ੍ਰੋਸੈਸਿੰਗ ਤਕਨੀਕਾਂ ਜਿਵੇਂ ਕਿ ਐਗਰੋ-ਪ੍ਰੋਸੈਸਿੰਗ ਕੰਪਲੈਕਸ, ਪੀਏਯੂ ਮੱਕੀ ਡਰਾਇਰ, ਹਲਦੀ ਦੀ ਪ੍ਰੋਸੈਸਿੰਗ, ਸਬਜ਼ੀਆਂ ਧੋਣ ਵਾਲੀ ਮਸ਼ੀਨ, ਪਿਆਜ਼ ਦੀ ਸਟੋਰੇਜ ਬਣਤਰ, ਅਨਾਜ ਦੇ ਸੁਧਰੇ ਤਰੀਕੇ, ਗੁੜ ਦੀ ਪ੍ਰੋਸੈਸਿੰਗ, ਕੁਫਰੀ ਪੁਖਰਾਜ ਤੋਂ ਵੋਦਕਾ ਉਤਪਾਦਨ, ਬਟਨ ਮਸ਼ਰੂਮ ਦੀ ਕੀਮਤ ਵਧਾਉਣ ਦੇ ਤਰੀਕੇ ਵੀ ਦੱਸੇ ਜਾਣਗੇ।  ;  ਹੈਪੀ ਸੀਡਰ, ਸੁਪਰ ਸਟਰਾਅ ਮੈਨੇਜਮੈਂਟ ਸਿਸਟਮ, ਸਮਾਰਟ ਸੀਡਰ, ਬੇਲਰ ਅਤੇ ਮਲਚਰ ਵਰਗੀਆਂ ਝੋਨੇ ਦੀ ਪਰਾਲੀ ਪ੍ਰਬੰਧਨ ਤਕਨੀਕਾਂ;  ਅਤੇ ਹੋਰ ਮਸ਼ੀਨਾਂ ਜਿਵੇਂ ਕਿ ਲੱਕੀ ਸੀਡ ਡਰਿੱਲ, ਡਰੋਨ, ਸਵੈ-ਚਾਲਿਤ ਰੋਟਰੀ ਵੀਡਰ, ਮਕੈਨੀਕਲ ਪੈਡੀ ਟਰਾਂਸਪਲਾਂਟਰ, ਆਦਿ ਵੀ ਖਿੱਚ ਦਾ ਕੇਂਦਰ ਹੋਣਗੇ। ਇਸ ਤੋਂ ਇਲਾਵਾ, ਝੋਨੇ ਦੀ ਪਰਾਲੀ ਤੋਂ ਬਾਇਓਗੈਸ ਪੈਦਾ ਕਰਨ ਵਾਲੀਆਂ ਨਵਿਆਉਣਯੋਗ ਊਰਜਾ ਤਕਨੀਕਾਂ, ਵੱਖ-ਵੱਖ ਕਿਸਮਾਂ ਦੇ ਬਾਇਓ ਗੈਸ ਪਲਾਂਟ ਅਤੇ ਸੋਲਰ ਕੂਕਰ ਪ੍ਰਦਰਸ਼ਿਤ ਕੀਤੇ ਜਾਣਗੇ। ਇਸ ਮੇਲੇ ਵਿੱਚ ਸਜਾਵਟੀ ਵਸਤੂਆਂ ਦੀ ਤਿਆਰੀ, ਫਸਲਾਂ ਦੀ ਉਪਜ, ਪੌਸ਼ਟਿਕ ਉਤਪਾਦਾਂ ਲਈ ਬਾਜਰੇ ਦੀ ਵਰਤੋਂ ਅਤੇ ਮੌਕੇ 'ਤੇ ਹੀ ਡਰਾਇੰਗ ਦੇ ਮੁਕਾਬਲੇ ਵੀ ਹੋਣਗੇ। ਮੇਲੇ ਦੌਰਾਨ ਫਲਾਂ ਦੇ ਪੌਦੇ, ਫੁੱਲਾਂ ਦੇ ਬੀਜ ਅਤੇ ਬੂਟੇ, ਜੈਵਿਕ ਖਾਦ, ਅਨਾਜ ਅਤੇ ਤੇਲ ਬੀਜ ਫਸਲਾਂ, ਸਬਜ਼ੀਆਂ ਦੇ ਬੀਜ ਕਿੱਟਾਂ ਅਤੇ ਬੂਟੇ ਅਤੇ ਪ੍ਰੋਸੈਸਡ ਉਤਪਾਦ ਜਿਵੇਂ ਕਿ ਮਲਟੀਗ੍ਰੇਨ ਆਟਾ, ਆਚਾਰ, ਫਲ ਸਕੁਐਸ਼, ਫਲਾਂ ਦਾ ਜੂਸ, ਮਲਟੀਗ੍ਰੇਨ ਕੁਕੀਜ਼, ਟਮਾਟਰ ਉਤਪਾਦ,  ਆਦਿ ਵੀ ਖਰੀਦਣ ਲਈ ਉਪਲਬਧ ਹੋਣਗੇ।