ਪ੍ਰਨੀਤ ਕੌਰ ਪਟਿਆਲਾ ਦੀ ਲੋਕ ਸਭਾ ਸੀਟ ਤੋਂ ਤੁਰੰਤ ਅਸਤੀਫ਼ਾ ਦੇਵੇ: ਬੀਰ ਦਵਿੰਦਰ ਸਿੰਘ

ਪਟਿਆਲਾ 3 ਫਰਵਰੀ : ਕਾਂਗਰਸ ਪਾਰਟੀ ਦੀ ਕੇਂਦਰੀ ਅਨੁਸ਼ਾਸਨੀ ਕਮੇਟੀ ਵੱਲੋਂ ਸ੍ਰੀ ਮਤੀ ਪ੍ਰਨੀਤ ਕੌਰ ਮੈਂਬਰ ਪਾਰਲੀਮੈਂਟ (ਲੋਕ ਸਭਾ) ਨੂੰ ਕਾਂਗਰਸ ਪਾਰਟੀ 'ਚੋਂ ਮੁਅੱਤਲ ਕਰਨ ਦਾ ਬੇਹੱਦ ਦੇਰੀ ਨਾਲ ਲਿਆ ਗਿਆ ਸਹੀ ਫ਼ੈਸਲਾ ਹੈ। ਚਾਹੀਦਾ ਤਾਂ ਇਹ ਸੀ ਕਿ ਸ੍ਰੀ ਮਤੀ ਪ੍ਰਨੀਤ ਕੌਰ ਨੂੰ ਪਿਛਲੇ ਸਾਲ ਫਰਵਰੀ 2022 ਵਿੱਚ ਉਸ ਵੇਲੇ ਹੀ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਜਦੋਂ ਉਹ ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਵਰਤਮਾਨ ਮੈਂਬਰ ਪਾਰਲੀਮੈਂਟ (ਲੋਕ ਸਭਾ) ਹੋਣ ਦੇ ਬਾਵਜੂਦ, ਰਾਜਨੀਤਕ ਮਰਿਆਦਾ ਤੇ ਇਖ਼ਲਾਕੀ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਕੇ, ਕਾਂਗਰਸ ਪਾਰਟੀ ਦੇ ਅਨੁਸ਼ਾਸਨ ਤੋਂ ਬਾਗੀ ਹੋ ਕੇ 16 ਫਰਵਰੀ 2022 ਨੂੰ ਬੀ.ਜੇ.ਪੀ ਦੇ ਆਗੂ ਤੇ ਭਾਰਤ ਦੇ ਰੱਖਿਆ ਮੰਤਰੀ ਰਾਜ ਨਾਥ ਸਿੰਘ ਦੇ ਟਰੱਕ ਤੇ ਜਾ ਚੜ੍ਹੀ ਸੀ, ਅਤੇ ਕਾਂਗਰਸ ਪਾਰਟੀ ਦੇ ਪਟਿਆਲਾ ਤੋਂ ਉਮੀਦਵਾਰ ਵਿਸ਼ਨੂ ਸ਼ਰਮਾ ਦੇ ਵਿਰੋਧ ਵਿੱਚ, ਬੀ.ਜੇ.ਪੀ ਸਮਰਥਕ ਆਪਣੇ ਪਤੀ ਦੇ ਖੇਮੇ ਵਿੱਚ, ਬੜੇ ਧੜੱਲੇ ਨਾਲ ਖੜ੍ਹੀ ਕਾਂਗਰਸ ਪਾਰਟੀ ਦੇ ਵਿਰੋਧ ਵਿੱਚ ਭੁਗਤ ਰਹੀ ਸੀ। ਇਖ਼ਲਾਕ ਦਾ ਤਕਾਜ਼ਾ ਤਾਂ ਇਸ ਗੱਲ ਦੀ ਮੰਗ ਕਰਦਾ ਸੀ ਕਿ ਸ਼੍ਰੀ ਮਤੀ ਪ੍ਰਨੀਤ ਕੌਰ, ਬੀ.ਜੇ.ਪੀ ਦੇ ਆਗੂ ਤੇ ਭਾਰਤ ਦੇ ਰੱਖਿਆ ਮੰਤਰੀ ਰਾਜ ਨਾਥ ਸਿੰਘ ਦੇ ਟਰੱਕ ਤੇ ਚੜ੍ਹ ਕੇ, ਕਾਂਗਰਸ ਦੀ ਐਮ.ਪੀ ਹੁੰਦੀ ਹੋਈ ਵੀ, ਬੜੀ ਬੇਸ਼ਰਮੀ ਨਾਲ ਜਿੱਤ ਦਾ ਨਿਸ਼ਾਨ ਬੀ.ਜੇ.ਪੀ ਦੇ ਹੱਕ ਵਿੱਚ ਬਣਾ ਕੇ ਦਿਖਾਉਣ ਤੋਂ ਪਹਿਲਾਂ, ਕਾਂਗਰਸ ਪਾਰਟੀ ਮੁੱਢਲੀ ਮੈਂਬਰਸ਼ਿਪ ਅਤੇ ਪਟਿਆਲਾ ਦੀ ਲੋਕ ਸਭਾ ਤੋਂ ਅਸਤੀਫ਼ਾ ਦੇ ਦਿੰਦੀ, ਫੇਰ ਹੀ ਉਸਦਾ ਰਾਜ ਨਾਥ ਦੇ ਟਰੱਕ ਵਿੱਚ ਚੜ੍ਹ ਕੇ, ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਜੇਤੂ ਨਿਸ਼ਾਨ ਬਣਾਉਣਾ ਸ਼ੋਭਾ ਦਿੰਦਾ ਸੀ।  ਪਰ ਅਜਿਹਾ ਤਾਂ ਤਦ ਹੀ ਸੰਭਵ ਸੀ ਜੇ ਕੋਈ ਏਥੇ ਜ਼ਮੀਰ ਜਾਂ ਮਰਿਆਦਾ ਦੀ ਰਾਜਨੀਤੀ ਕਰਦਾ ਹੋਵੇ। ਪਰ ਏਥੇ ਤਾਂ ਸਾਰਾ ਆਲਮ ਹੀ ਜ਼ਮਾਨਾਸਾਜ਼ੀਆਂ, ਮੌਕਾ ਪ੍ਰਸਤੀ ਤੇ ਅਵਸਰਵਾਦ ਨੇ ਬਦਰੰਗ ਕਰ ਦਿੱਤਾ ਹੈ, ਤੇ ਮੌਕਾ ਪ੍ਰਸਤਾਂ ਦੀ ਭੀੜ ਨੇ ਸੱਚੀ ਗੱਲ ਕਹਿਣ ਵਾਲੇ, ਜ਼ਮੀਰ ਜਾਂ ਕਦਰਾਂ-ਕੀਮਤਾਂ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਧਕੇਲ ਕੇ ਹਾਸ਼ੀਏ ਤੋਂ ਵੀ ਬਾਹਰ ਕੱਢ ਦਿੱਤਾ ਹੈ। ਹੁਣ ਤਾਂ ਅਵਸਰਵਾਦ ਦਾ ਮਖੌਟਾ ਹੀ ਰਾਜਨੀਤੀ ਦਾ ਪ੍ਰਮਾਣਤ ਚੋਣ ਨਿਸ਼ਾਨ ਬਣਿਆ ਹੋਇਆ ਹੈ। ਮੈਂ ਬੜੇ ਜ਼ੋਰ ਨਾਲ ਮੰਗ ਕਰਦਾ ਹਾਂ ਕਿ ਪ੍ਰਨੀਤ ਕੌਰ ਨੂੰ ਹੁਣ ਏਸ ਹਾਲਾਤ ਵਿੱਚ ਪਟਿਆਲਾ ਤੋਂ ਪਾਰਲੀਮੈਂਟ (ਲੋਕ ਸਭਾ) ਦਾ  ਮੈਂਬਰ ਬਣੇ ਰਹਿਣ ਦਾ ਕੋਈ ਹੱਕ ਨਹੀਂ ਤੇ ਜੇ ਜ਼ਰਾ ਜਿੰਨਾ ਕੁ ਵੀ ਰਾਜਨੀਤਕ ਸ੍ਰਿਸ਼ਟਾਚਾਰ ਜਾ ਇਖ਼ਲਾਕ ਦਾ ਕਣ ਉਨ੍ਹਾਂ ਦੀ ਸਖਸ਼ੀਅਤ ਵਿੱਚ ਬਾਕੀ ਹੈ ਤਾਂ ਉਨ੍ਹਾਂ ਨੂੰ ਤੁਰੰਤ ਅਸਤੀਫ਼ਾ ਦੇ ਕੇ  ਪਟਿਆਲਾ ਤੋਂ ਜ਼ਿਮਨੀ ਚੁਣਾਓ ਦਾ ਸਾਹਮਣਾ ਕਰਨਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਜਿਸ ਪਾਰਟੀ ਨੇ ਉਨ੍ਹਾਂ ਨੂੰ ਤਿੰਨ ਵਾਰ ਐਮ. ਪੀ ਅਤੇ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਨੂੰ ਦੋ ਵਾਰੀ ਕਾਂਗਰਸ ਪਾਰਟੀ ਨੇ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ, ਉਸ ਪਾਰਟੀ ਨਾਲ ਵਿਸ਼ਵਾਸਘਾਤ ਕਰਨ ਦੇ ਸਰਾਪ ਦੇ ਭਾਰ ਦਾ ਪਤਾ ਚੱਲ ਸਕੇ।