ਪ੍ਰਧਾਨ ਮੰਤਰੀ ਲਘੂ ਫੂਡ ਪ੍ਰੋਸੈਸਿੰਗ ਇਕਾਈਆਂ ਦੀ ਵਿਧੀਵੱਤ ਯੋਜਨਾ ਸਬੰਧੀ ਜਾਗਰੂਕਤਾ ਕੈਂਪ 26 ਸਤੰਬਰ ਨੂੰ

  • ਹੋਰ ਵੀ ਵੱਖ ਵੱਖ ਸਰਕਾਰ ਵਿਭਾਗਾਂ ਦੁਆਰਾ ਲੋਕ ਭਲਾਈ ਸਕੀਮਾਂ ਸਬੰਧੀ ਫੈਲਾਈ ਜਾਵੇਗੀ ਜਾਗਰੂਕਤਾ-ਡਿਪਟੀ ਕਮਿਸ਼ਨਰ

ਮੋਗਾ, 22 ਸਤੰਬਰ : ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਲਘੂ/ਛੋਟੀਆਂ ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਪ੍ਰਫੁਲਿਤ ਕਰਨ ਲਈ ਸਾਂਝੀ ਪਹਿਲੀਕਦਮੀ ਕਰਦਿਆਂ ਪ੍ਰਧਾਨ ਮੰਤਰੀ ਲਘੂ ਫੂਡ ਪ੍ਰੋਸੈਸਿੰਗ ਇਕਾਈਆਂ ਦੀ ਵਿਧੀਵੱਤ ਯੋਜਨਾ (ਪੀ.ਐਮ.ਐਫ.ਐਮ.ਈ.) ਸਕੀਮ ਜਾਰੀ ਕੀਤੀ ਗਈ ਹੈ। ਇਸ ਸਕੀਮ ਅਤੇ ਸਰਕਾਰ ਦੀਆਂ ਹੋਰ ਲੋਕ ਭਲਾਈ ਸਕੀਮਾਂ ਸਬੰਧੀ ਆਮ ਲੋਕਾਂ ਨੂੰ ਜਾਣਕਾਰੀ ਦੇਣ ਸਬੰਧੀ ਇੱਕ ਜਾਗਰੂਕਤਾ ਕੈਂਪ ਗਰੀਨ ਵੈਲੀ ਕੋਨਵੈਂਟ ਸਕੂਲ, ਰਣਸੀਂਹ ਖੁਰਦ ਰੋਡ, ਨਿਹਾਲ ਸਿੰਘ ਵਾਲਾ ਵਿਖੇ 26 ਸਤੰਬਰ, 2023 ਨੂੰ ਸਵੇਰੇ 11 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿੱਚ ਵੱਖ ਵਿਭਾਗਾਂ ਨਾਲ ਸਬੰਧਤ ਸਕੀਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ। ਬੇਰੋਜ਼ਗਾਰ ਨੌਜਵਾਨਾਂ ਲਈ ਸਹਾਈ ਸਿੱਧ ਹੋਣ ਵਾਲੀਆਂ ਸਕੀਮਾਂ ਸਬੰਧੀ ਜਾਣਕਾਰੀ ਦੇਣ ਤੋਂ ਇਲਾਵਾ ਸਵੈ ਸਹਾਇਤਾ ਸਮੂਹਾਂ ਦੇ ਮੈਂਬਰ ਵੀ ਇਸ ਕੈਂਪ ਵਿੱਚ ਭਾਗ ਲੈਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਵਿਅਕਤੀਗਤ ਇਕਾਈਆਂ ਨੂੰ ਮੌਜੂਦਾ ਲਘੂ/ਛੋਟੀਆਂ ਫੂਡ ਪ੍ਰੋਸੈਸਿੰਗ ਇਕਾਈਆਂ ਅਤੇ ਨਵੇਂ ਉੱਦਮੀਆਂ ਨੂੰ ਯੁਨਿਟ ਦੀ ਉਸਾਰੀ ਅਤੇ ਮਸ਼ੀਨਾਂ ਦੇ ਖਰਚੇ ਦੀ ਲਾਗਤ ਦਾ 35 ਫੀਸਦੀ ਕ੍ਰੈਡਿਟ ਲਿੰਕਡ ਕੈਪੀਟਲ ਸਬਸਿਡੀ ਵਜੋਂ, ਵੱਧ ਤੋਂ ਵੱਧ 10 ਲੱਖ ਰੁਪਏ ਦਿੱਤੇ ਜਾ ਰਹੇ ਹਨ। ਕਿਸਾਨ ਉਤਪਾਦਕ ਸੰਸਥਾਵਾਂ, ਸਵੈ ਸਹਾਇਤਾ ਸਮੂਹ, ਸਹਿਕਾਰੀ ਸੰਸਥਾਵਾਂ, ਅਤੇ ਸਰਕਾਰੀ ਏਜੰਸੀਆਂ, ਨੂੰ ਵੀ ਫੂਡ ਪ੍ਰੋਸੈਸਿੰਗ ਸਬੰਧੀ ਸਾਂਝਾ ਬੁਨਿਆਦੀ ਢਾਂਚਾ ਸਥਾਪਿਤ ਕਰਨ ਤੇ ਉਪਰੋਕਤ ਸਬਸਿਡੀ ਵੱਧ ਤੋਂ ਵੱਧ 3 ਕਰੋੜ ਰੁਪਏ ਦੀ ਦਿੱਤੀ ਜਾ ਰਹੀ ਹੈ। ਫੂਡ ਪ੍ਰੋਸੈਸਿੰਗ ਦਾ ਕੰਮ ਕਰਨ ਵਾਲੇ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਕਾਰਜਸ਼ੀਲ ਪੂੰਜੀ ਅਤੇ ਛੋਟੇ ਸੰਦਾਂ ਦੀ ਖਰੀਦ ਲਈ ਵੱਧ ਤੋਂ ਵੱਧ 40 ਹਜ਼ਾਰ ਰੁਪਏ ਪ੍ਰਤੀ ਮੈਂਬਰ ਆਰੰਭਿਕ ਪੂੰਜੀ ਵਜੋਂ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਮੈਂਬਰ 35 ਫੀਸਦੀ ਕ੍ਰੈਡਿਟ ਲਿੰਕਡ ਕੈਪੀਟਲ ਸਬਸਿਡੀ ਦਾ ਲਾਭ ਵੀ ਲੈ ਸਕਦੇ ਹਨ।