ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਫੁੱਫੜ ਨੇ ਹੀ ਕੀਤਾ ਸੀ ਭਤੀਜੇ ਦਾ ਕਤਲ

ਬਠਿੰਡਾ, 28 ਅਪ੍ਰੈਲ : ਸੀਆਈਏ ਸਟਾਫ਼ 1 ਨੇ ਡੇਢ ਮਹੀਨੇ ਪਹਿਲਾਂ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਹੋਇਆ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਥਰਮਲ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਨੌਜਵਾਨ ਦਾ ਕਤਲ ਉਸ ਦੇ ਫੁੱਫੜ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਕੀਤਾ ਸੀ। ਮਿ੍ਤਕ ਨੌਜਵਾਨ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਫੁੱਫੜ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਮਿ੍ਤਕ ਦਾ ਆਪਣੇ ਫੁੱਫੜ ਨਾਲ ਝਗੜਦਾ ਰਹਿੰਦਾ ਸੀ। ਜਾਣਕਾਰੀ ਅਨੁਸਾਰ 9 ਮਾਰਚ ਨੂੰ ਬਠਿੰਡਾ-ਮਲੋਟ ਰੋਡ ‘ਤੇ ਅੰਬੂਜਾ ਸੀਮੈਂਟ ਫੈਕਟਰੀ ਦੇ ਕੋਲ ਇਕ ਨੌਜਵਾਨ ਦੀ ਲਾਸ਼ ਮਿਲੀ ਸੀ। ਲਾਸ਼ ਨੂੰ ਦੇਖਣ ‘ਤੇ ਪ੍ਰਤੀਤ ਹੁੰਦਾ ਸੀ ਕਿ ਕਿਸੇ ਵੱਡੇ ਵਾਹਨ ਦੀ ਲਪੇਟ ਚ ਆ ਕੇ ਨੌਜਵਾਨ ਦੀ ਮੌਤ ਹੋਈ ਹੈ। ਮਿ੍ਤਕ ਦੀ ਪਛਾਣ ਲਖਵੀਰ ਸਿੰਘ ਵਾਸੀ ਗਿੱਦੜਬਾਹਾ ਵਜੋਂ ਹੋਈ ਸੀ। ਉਸ ਮੌਕੇ ਥਾਣਾ ਥਰਮਲ ਦੀ ਪੁਲਿਸ ਨੇ ਮਿ੍ਤਕ ਦੇ ਭਰਾ ਅੰਮਿ੍ਤਪਾਲ ਸਿੰਘ ਦੇ ਬਿਆਨਾਂ ‘ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਲਾਪ੍ਰਵਾਹੀ ਨਾਲ ਹਾਦਸਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਦੱਸਣਯੋਗ ਹੈ ਕਿ ਪੁਲਿਸ ਨੂੰ ਉਸ ਸਮੇਂ ਇਹ ਹਾਦਸਾ ਸ਼ੱਕੀ ਜਾਪ ਰਿਹਾ ਸੀ। ਇਸ ਦੌਰਾਨ ਮਿ੍ਤਕ ਦੇ ਪੋਸਟਮਾਰਟਮ ਰਿਪੋਰਟ ਵਿਚ ਖ਼ੁਲਾਸਾ ਹੋਇਆ ਹੈ ਕਿ ਉਸ ਦੇ ਸਿਰ ‘ਤੇ ਲੋਹੇ ਦੀ ਰਾਡ ਨਾਲ ਵਾਰ ਕੀਤੇ ਗਏ ਹਨ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਇਸ ਕਤਲ ਦੀ ਗੁੱਥੀ ਸੁਲਝਾਉਣ ਦੀ ਜ਼ਿੰਮੇਵਾਰੀ ਸੀ ਆਈ ਏ ਸਟਾਫ 1 ਨੂੰ ਸੌਂਪੀ ਗਈ। ਸਥਾਨਕ ਸੈਕਟਰੀਏਟ ਵਿਚ ਕੀਤੀ ਗਈ ਪ੍ਰਰੈਸ ਵਾਰਤਾ ਦੌਰਾਨ ਜ਼ਿਲ੍ਹਾ ਪੁਲਿਸ ਕਪਤਾਨ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਹੈ ਕਿ 9 ਮਾਰਚ ਨੂੰ ਥਾਣਾ ਥਰਮਲ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮਲੋਟ ਰੋਡ ‘ਤੇ ਸਥਿਤ ਅੰਬੂਜਾ ਫੈਕਟਰੀ ਦੇ ਕੋਲ ਇਕ ਨੌਜਵਾਨ ਦੀ ਹਾਦਸੇ ਵਿਚ ਮੌਤ ਹੋ ਗਈ ਹੈ। ਇਸ ‘ਤੇ ਕਾਰਵਾਈ ਕਰਦਿਆਂ ਹੋਇਆਂ ਸਟਾਫ਼ ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਦੀ ਅਗਵਾਈ ਵਿਚ ਪੜਤਾਲ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਾ ਕਿ ਲਖਵੀਰ ਸਿੰਘ ਦਾ ਆਪਣੇ ਫੁੱਫੜ ਜਸਵਿੰਦਰ ਸਿੰਘ ਉਰਫ ਕਾਲਾ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਨਾਲ ਅਕਸਰ ਲੜਾਈ ਝਗੜਾ ਰਹਿੰਦਾ ਸੀ। ਮਿ੍ਤਕ ਨੂੰ ਸ਼ੱਕ ਸੀ ਕਿ ਫੁੱਫੜ ਦਾ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹੈ। ਦੱਸਣਾ ਬਣਦਾ ਹੈ ਕਿ ਮਿ੍ਤਕ ਦੇ ਫੁੱਫੜ ਨੇ ਹੀ ਉਸ ਦਾ ਰਿਸ਼ਤਾ ਕਰਵਾਇਆ ਸੀ। ਇਸ ਤੋਂ ਬਾਅਦ ਸ਼ੱਕ ਦੀ ਸੂਈ ਜਸਵਿੰਦਰ ਸਿੰਘ ਵੱਲ ਘੁੰਮ ਗਈ। ਇਸ ਅਧਾਰ ‘ਤੇ ਉਕਤ ਵਿਅਕਤੀ ਨੂੰ ਹਿਰਾਸਤ ਵਿਚ ਲੈ ਕੇ ਪੁੱਛ ਪੜਤਾਲ ਕੀਤੀ ਗਈ ਤਾਂ ਉਸ ਨੇ ਆਪਣਾ ਜੁਰਮ ਕਬੂਲ ਲਿਆ ਤੇ ਦੱਸਿਆ ਕਿ ਲਖਵੀਰ ਸਿੰਘ ਦਾ ਕਤਲ ਉਸ ਨੇ ਆਪਣੇ ਸਾਥੀ ਟਰਾਂਸਪੋਰਟ ਜਤਿੰਦਰ ਸਿੰਘ ਉਰਫ ਜਿੰਦੂ ਵਾਸੀ ਪਿੰਡ ਦੋਦਾ ਤੇ ਉਸ ਦੇ ਡਰਾਈਵਰ ਰੁਪਿੰਦਰ ਸਿੰਘ ਵਾਸੀ ਪਿੰਡ ਹਰੀਕੇ ਕਲਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਾਲ ਮਿਲ ਕੇ ਕੀਤਾ ਹੈ।