ਪੁਲਿਸ ਸੰਗਰੂਰ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫਤਾਰ

ਸੰਗਰੂਰ, 22 ਫਰਵਰੀ : ਐਸ.ਐਸ.ਪੀ ਸੰਗਰੂਰ ਸ੍ਰੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਲਹਿਰਾ ਵਿਖੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 6000 ਰੁਪਏ ਬਰਾਮਦ ਕੀਤੇ ਹਨ। ਸ੍ਰੀ ਸੁਰੇਂਦਰ ਲਾਂਬਾ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 10.02.2023 ਨੂੰ ਬਰਬਿਆਨ ਪਵਨ ਬਾਂਸਲ ਪੁੱਤਰ ਸੰਜੇ ਬਾਂਸਲ ਵਾਸੀ ਵਾਰਡ ਨੰਬਰ 3 ਲਹਿਰਾ ਨੇ ਇਤਲਾਹ ਦਿੱਤੀ ਕਿ ਉਸ ਦੀ ਲਹਿਰਾ ਵਿਖੇ ਸੰਜੇ ਆਰਟਸ ਦੇ ਨਾਮ ਪਰ ਦੁਕਾਨ ਹੈ। ਮਿਤੀ 10.02.2023 ਨੂੰ ਵਕਤ ਕਰੀਬ 10.30 ਸ਼ਾਮ ਮੁਦੱਈ ਮੁੱਕਦਮਾ ਅਤੇ ਉਸ ਦਾ ਦੋਸਤ ਰਾਹੁਲ ਗਰਗ ਆਪਣੀ ਦੁਕਾਨ ਪਰ ਕੰਮ ਕਰ ਰਹੇ ਸੀ ਤਾਂ ਚਾਰ ਨਾਮਲੂਮ ਨੌਜਵਾਨ ਇੱਕ ਦਮ ਮੁਦੱਈ ਮੁਕੱਦਮਾ ਦੀ ਦੁਕਾਨ ਵਿੱਚ ਆਏ। ਜਿੰਨਾਂ ਵਿੱਚੋ ਦੋ ਨੋਜਵਾਨਾਂ ਦੇ ਹੱਥਾਂ ਵਿੱਚ ਲੋਹੇ ਦੇ ਰਾਡ ਸਨ ਤਾਂ ਉਹਨਾਂ ਵਿੱਚੋਂ ਇੱਕ ਨੌਜਵਾਨ ਨੇ ਮੁਦੱਈ ਮੁਕੱਦਮਾ ਦੀ ਦੁਕਾਨ ਦੇ ਕਾਊਂਟਰ ਪਰ ਪਿਆ ਕੈਸ਼ ਦਾ ਲਿਫਾਫਾ ਜਿਸ ਵਿੱਚ ਕਰੀਬ 1, 00, 000/- ਰੁਪਏ ਸੀ, ਝਪਟਾ ਮਾਰ ਕੇ ਖੋਹ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਕੱਦਮਾ ਨੰਬਰ 30 ਮਿਤੀ 11.02.2023 ਅ/ਧ 379-ਬੀ, 34 ਆਈ ਪੀ ਸੀ ਥਾਣਾ ਲਹਿਰਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਐਸਐਸਪੀ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਮੁੱਕਦਮਾ ਵਿੱਚ ਕਥਿਤ ਦੋਸ਼ੀਆਨ ਰਵਿੰਦਰ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਲਹਿਲ ਕਲਾ, ਗੁਰਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਲਹਿਲ ਕਲਾ, ਬੂਟਾ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਲਹਿਲ ਕਲਾ ਮੰਗੂ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਰਾਮਗੜ ਸੰਧੂਆ ਅਤੇ ਅਮਨ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਭਾਠੂਆ ਥਾਣਾ ਮੂਨਕ ਨੂੰ ਮੁਕੱਦਮਾ ਵਿੱਚ ਨਾਮਜ਼ਦ ਕਰਕੇ ਰਵਿੰਦਰ ਸਿੰਘ, ਗੁਰਜੀਤ ਸਿੰਘ ਅਤੇ ਬੂਟਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੇ ਕਬਜ਼ੇ ਵਿੱਚੋਂ ਉਕਤ ਖੋਹ ਕੀਤੀ ਰਕਮ ਵਿੱਚੋਂ 6000 ਰੁਪਏ ਬਰਾਮਦ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਦੂਜੇ 2 ਵਿਅਕਤੀਆਂ ਦੀ ਗ੍ਰਿਫਤਾਰੀ ਬਾਕੀ ਹੈ।