ਸੇਬਾਂ ਨਾਲ ਭਰੇ ਡੱਬੇ ਲੁੱਟਣ ਵਾਲਿਆਂ 'ਤੇ ਪੁਲਿਸ ਨੇ ਕੀਤਾ ਪਰਚਾ ਦਰਜ

ਬਡਾਲੀ ਆਲਾ ਸਿੰਘ : ਸਰਹਿੰਦ ਜੀ.ਟੀ.ਰੋਡ 'ਤੇ ਪਿੰਡ ਰਾਜਿੰਦਰਗੜ੍ਹ ਨੇੜੇ ਸੇਬਾਂ ਨਾਲ ਭਰੇ ਟਰੱਕ ਤੋਂ ਬਾਅਦ ਹੀ ਰਾਹਗੀਰਾਂ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਤੇ ਬਡਾਲੀ ਆਲਾ ਸਿੰਘ ਪੁਲਿਸ ਵਲੋਂ ਟਰੱਕ 'ਚ ਫਸੇ ਡਰਾਈਵਰ ਨੂੰ ਬਚਾਉਣ ਦੀ ਬਜਾਏ ਸੇਬਾਂ ਦੇ ਡੱਬੇ ਲੁੱਟਣ ਦੇ ਦੋਸ਼ 'ਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਵਾਇਰਲ ਹੋਈ ਵੀਡੀਓ ਰਾਹੀਂ ਲੁਟੇਰਿਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਤੋਂ ਸੇਬਾਂ ਦੀਆਂ 1265 ਪੇਟੀਆਂ ਲੈਕੇ ਬਿਹਾਰ ਜਾ ਰਿਹਾ ਟਰੱਕ ਪਿੰਡ ਰਾਜਿੰਦਰਗੜ੍ਹ ਨੇੜੇ ਪੁੱਜਾ ਤਾਂ ਦੂਜੇ ਵਾਹਨ ਨੂੰ ਬਚਾਉਂਦੇ ਹੋਏ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਹਾਦਸੇ ਤੋਂ ਥੋੜ੍ਹੀ ਦੇਰ ਬਾਅਦ ਰਾਹਗੀਰਾਂ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਅਤੇ ਇੱਥੋਂ ਤੱਕ ਕਿ ਕਈ ਹੋਰ ਵਾਹਨ ਚਾਲਕਾਂ ਨੇ ਵੀ 1200 ਦੇ ਕਰੀਬ ਸੇਬਾਂ ਦੇ ਡੱਬੇ ਲੁੱਟ ਲਏ। ਇਸ ਸਬੰਧੀ ਬਸੀ ਪਠਾਣਾ ਦੇ ਡੀਐਸਪੀ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਬਚਾਉਣ ਦੀ ਬਜਾਏ ਸੇਬਾਂ ਦੇ ਡੱਬੇ ਲੁੱਟੇ, ਉਹ ਸ਼ਰਮਨਾਕ ਹੈ ਅਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ ਤੋਂ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ ਅਤੇ ਭਵਿੱਖ 'ਚ ਅਜਿਹੀ ਕੋਈ ਘਟਨਾ ਨਾ ਵਾਪਰ ਸਕੇ।