ਪੁਲਿਸ ਵੱਲੋਂ ਕਤਲ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ, ਪਤਨੀ ਹੀ ਨਿਕਲੀ ਪਤੀ ਦੀ ਕਾਤਲ

ਸ੍ਰੀ ਮੁਕਤਸਰ ਸਾਹਿਬ,14 ਜੂਨ : ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਮਲੋਟ ਦੇ ਪਿੰਡ ਬੁਰਜ਼ ਸਿੱਧਵਾਂ ਵਿੱਚ ਚਾਰ ਦਿਨ ਪਹਿਲਾਂ ਹੋਏ ਸੁਖਵਿੰਦਰ ਸਿੰਘ ਦੇ ਕਤਲ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਅਸਲ ਵਿਚ ਇਹ ਕਤਲ ਮਿਰਤਕ ਦੀ ਪਤਨੀ ਵੱਲੋਂ ਹੀ ਕੀਤਾ ਗਿਆ ਸੀ।ਜਿਲ੍ਹਾ ਪੁਲਿਸ ਮੁਖੀ  ਹਰਮਨਬੀਰ ਸਿੰਘ ਗਿੱਲ ਨੇ ਅੱਜ ਇਸ ਸਬੰਧ ਵਿਚ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਹੈ। ਕਤਲ ਕੀਤੇ ਵਿਅਕਤੀ ਦੀ ਪਤਨੀ ਨੇ ਇਸ ਵਾਰਦਾਤ ਨੂੰ ਲੁੱਟ-ਖੋਹ ਦਾ ਰੂਪ ਦੇਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਪੁਲਿਸ ਦੀ ਅੱਖ ਤੋਂ ਬਚ ਨਾ ਸਕੀ। ਸੀਨੀਅਰ ਪੁਲਿਸ ਕਪਤਾਨ  ਨੇ ਇਸ ਮਾਮਲੇ ਦੀ ਗੁੱਥੀ ਸੁਲਝਾਉਣ ਲਈ ਐਸ ਪੀ ਡੀ ਰਮਨਦੀਪ ਸਿੰਘ ਭੁੱਲਰ  ਅਤੇ  ਡੀਐਸਪੀ ਮਲੋਟ ਬਲਕਾਰ ਸਿੰਘ ਦੀ ਅਗਵਾਈ ਹੇਠ ਟੀਮਾਂ ਬਣਾਈ ਗਈ ਸੀ।  ਉਨ੍ਹਾਂ ਦਸਿਆ ਕਿ ਪਿੰਡ ਬੁਰਜ ਸਿੱਧਵਾਂ ਵਿਖੇ ਮਿਤੀ 9 ਅਤੇ 10 ਜੂਨ  ਦੀ ਦਰਮਿਆਨੀ ਰਾਤ ਨੂੰ ਸੁਖਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਬੁਰਜ ਸਿੱਧਵਾਂ ਦੀ ਅਣਪਛਾਤੇ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਇਸ ਸਬੰਧ ਵਿਚ ਥਾਣਾ ਕਬਰਵਾਲਾ ਵਿਖੇ ਮੁਕੱਦਮਾ ਦਰਜ ਕੀਤਾ ਸੀ। ਇਸ ਸਬੰਧੀ ਮ੍ਰਿਤਕ ਦੀ ਪਤਨੀ ਪਰਮਿੰਦਰ ਕੌਰ ਨੇ ਥਾਣਾ ਕਬਰਵਾਲਾ ਵਿਖੇ ਸੂਚਨਾਂ ਦਿੱਤੀ  ਸੀ ਕਿ ਉਸ ਦੇ ਪਤੀ ਨੂੰ ਅਣਪਛਾਤਿਆਂ ਨੇ  ਸੱਟਾਂ ਮਾਰ ਕਤਲ ਕਰ ਦਿੱਤਾ ਸੀ। ਉਸ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਵਿਅਕਤੀ ਕਰੀਬ 30,000 ਰੁਪਏ ਲੁੱਟ ਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਪੜਤਾਲ ਦੌਰਾਨ ਮ੍ਰਿਤਕ ਦੀ ਪਤਨੀ ਪਰਮਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ  ਕਿ ਮ੍ਰਿਤਕ ਦੀ ਪਤਨੀ ਪਰਮਿੰਦਰ ਕੌਰ ਨੂੰ ਆਪਣੇ ਪਤੀ ਦੇ ਚਰਿੱਤਰ ਪਰ ਸ਼ੱਕ ਸੀ ਜਿਸ ਦੇ ਚਲਦਿਆਂ ਉਸ ਨੇ ਸੁੱਤੇ ਪਏ ਆਪਣੇ ਪਤੀ ਸੁਖਵਿੰਦਰ ਸਿੰਘ ਦੇ ਸੁੱਤੇ ਪਏ ਦੇ ਸਿਰ ਵਿੱਚ ਲੋਹੇ ਦੀ ਹਥੌੜੀ ਦੇ ਵਾਰ ਕੀਤੇ ਜਿਸ ਦੇ ਸਿੱਟੇ ਵਜੋਂ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਸ ਨੇ ਲੁੱਟ ਦੀ ਝੂਠੀ ਕਹਾਣੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅੰਤ ਨੂੰ ਉਹ ਆਪਣਾ ਜੁਰਮ ਨਾ ਚੁਕਾ ਸਕੀ। ਉਨ੍ਹਾਂ ਦੱਸਿਆ ਕਿ ਪਰਮਿੰਦਰ ਕੌਰ ਦੀ ਨਿਸ਼ਾਨਦੇਹੀ ਤੇ ਕਤਲ ਲਈ ਵਰਤੀ ਹਥੌੜੀ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਪਰਮਿੰਦਰ ਕੌਰ ਨੂੰ  ਅਦਾਲਤ ਵਿੱਚ ਪੇਸ਼ ਕਰਕੇ, ਉਸ ਦਾ ਰੀਮਾਂਡ ਲਿਆ ਜਾ ਰਿਹਾ ਹੈ ਜਿਸ ਦੌਰਾਨ  ਡੂੰਘਾਈ ਨਾਲ  ਪੁੱਛ-ਗਿੱਛ ਕੀਤੀ ਜਾਵੇਗੀ।