ਅੰਤਰਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਸਾਹਿਤ ਸਭਾ ਰਾਏਕੋਟ ਵੱਲੋਂ ਕਵੀ ਦਰਬਾਰ ਕਰਵਾਇਆ ਗਿਆ। 

ਰਾਏਕੋਟ, 09 ਮਾਰਚ (ਚਮਕੌਰ ਸਿੰਘ ਦਿਉਲ) : ਅੰਤਰਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਸਾਹਿਤ ਸਭਾ ਰਾਏਕੋਟ ਵੱਲੋਂ ਪ੍ਰਧਾਨ ਬਲਬੀਰ ਬੱਲੀ ਅਤੇ ਜਗਦੇਵ ਸਿੰਘ ਕਲਸੀ ਦੀ ਅਗਵਾਈ ਹੇਠ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਮਾ. ਮੁਖਤਿਆਰ ਸਿੰਘ, ਜਗਦੇਵ ਸਿੰਘ ਕਲਸੀ, ਬਲਬੀਰ ਬੱਲੀ ਨੇ ਪੰਜਾਬੀ ਮਾਂ ਬੋਲੀ ਬਾਰੇ ਵਿਚਾਰ ਚਰਚਾ ਕੀਤੀ, ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੋੜਨ ਦੀ ਲੋੜ ਹੈ, ਫਿਰ ਹੀ ਆਪਣੇ ਪਿਛੋਕੜ ਅਤੇ ਸੱਭਿਆਚਾਰ ਨਾਲ ਜੁੜ ਸਕਦੇ ਹਨ। ਉਕਤ ਆਗੂਆਂ ਨੇ ਅੰਤਰ ਰਾਸ਼ਟਰੀ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਅੱਜ ਦੀ ਔਰਤ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ਇਸ ਮੌਕੇ ਲੇਖਿਕਾ ਬਲਬੀਰ ਕੌਰ ਰਾਏਕੋਟੀ ਨੇ ਕਿਹਾ ਕਿ ਔਰਤਾਂ ਨੇ ਸਮਾਜ ਅਤੇ ਮਨੁੱਖਤਾ ਦੇ ਵਿਕਾਸ 'ਚ ਹਮੇਸ਼ਾ ਹੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਪਰ ਅੱਜ ਜੇਕਰ ਅਸੀਂ ਦੁਨੀਆ ਭਰ ਦੇ ਸਮਾਜਾਂ ਦੇ ਵੱਖ-ਵੱਖ ਵਰਗਾਂ ਵੱਲ ਝਾਤੀ ਮਾਰੀਏ ਤਾਂ ਉਹ ਸਭ ਅਜੇ ਵੀ ਮਰਦ ਪ੍ਰਧਾਨ ਹਨ। ਭਾਰਤ ਦੀ ਗੱਲ ਕਰੀਏ ਤਾਂ ਸਰਕਾਰਾਂ ਨੇ ਵੱਖ-ਵੱਖ ਸਸ਼ਕਤੀਕਰਨ ਯੋਜਨਾਵਾਂ ਅਤੇ ਪਹਿਲ ਕਦਮੀਆਂ ਰਾਹੀਂ ਔਰਤਾਂ ਦੀ ਸਥਿਤੀ ਨੂੰ ਉੱਚਾ ਚੁੱਕਣ ਲਈ ਕੰਮ ਕੀਤਾ ਹੈ, ਫਿਰ ਵੀ ਅਜਿਹੀਆਂ ਬਹੁਤੀਆਂ ਸਕੀਮਾਂ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੌਰਾਨ ਸਮਾਜ 'ਚ ਔਰਤਾਂ ਦੀ ਸਥਿਤੀ 'ਚ ਕੋਈ ਵੱਡੀ ਤਬਦੀਲੀ ਨਹੀਂ ਲਿਆ ਸਕੀਆਂ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਅੱਜ ਦੇ ਆਧੁਨਿਕ ਯੁੱਗ ਵਿੱਚ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ਇਸ ਮੌਕੇ ਪਹੁੰਚੇ ਲੇਖਕਾਂ ਵੱਲੋਂ ਔਰਤ ਦੀ ਸ਼ਖਸੀਅਤ ਬਾਰੇ ਕਵਿਤਾਵਾਂ ਸੁਣਾਈਆਂ ਅਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਹਾਜ਼ਰ ਹੋਏ ਲੇਖਕ ਮਾ. ਮੁਖਤਿਆਰ ਸਿੰਘ, ਪ੍ਰੀਤਮ ਸਿੰਘ ਬਰਮੀਂ, ਜਗਦੀਪ ਸਿੰਘ, ਮਲਕੀਤ ਸਿੰਘ, ਬਲਬੀਰ ਸਿੰਘ ਰਾਏਕੋਟੀ, ਜਗਦੇਵ ਸਿੰਘ ਕਲਸੀ, ਸੋਮਾ ਕਲਸੀਆਂ, ਸਮਸ਼ੇਰ ਨੂਰਪੁਰੀ, ਬਲਬੀਰ ਕੌਰ ਰਾਏਕੋਟੀ, ਬਲਿਹਾਰ ਸਿੰਘ ਗੋਬਿੰਦਗੜ੍ਹੀਆ, ਗੁਲਾਬ ਸਿੰਘ ਆਦਿ ਆਪਣੀ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਵਿੰਦਰ ਸਿੰਘ ਮੱਲ੍ਹੀ, ਪ੍ਰਿਥੀਪਾਲ ਸਿੰਘ, ਸੰਜੀਵ ਕੁਮਾਰ ਆਦਿ ਹਾਜ਼ਰ ਸਨ।