ਨੌਜਵਾਨਾਂ ਨੂੰ ਹਥਿਆਰਬੰਦ ਬਲਾਂ 'ਚ ਭਰਤੀ ਹੋਣ ਦਾ ਸੁਨੇਹਾ ਦਿੰਦਿਆਂ ਪਟਿਆਲਾ ਦਾ ਪਲੇਠਾ ਮਿਲਟਰੀ ਲਿਟਰੇਚਰ ਫੈਸਟੀਵਲ ਸਮਾਪਤ

  • ਹਥਿਆਰਬੰਦ ਸੈਨਾਵਾਂ ਤੇ ਦੇਸ਼ ਦੀ ਰਾਖੀ ਲਈ ਪੰਜਾਬੀਆਂ ਦਾ ਯੋਗਦਾਨ ਅਹਿਮ-ਜੌੜਾਮਾਜਰਾ
  • ਮਿਲਟਰੀ ਲਿਟਰੇਚਰ ਫੈਸਟੀਵਲ ਨੇ ਨੌਜਵਾਨਾਂ ਨੂੰ ਆਪਣੀ ਫ਼ੌਜੀ ਵਿਰਾਸਤ ਨਾਲ ਜੋੜਿਆ-ਕੋਹਲੀ

ਪਟਿਆਲਾ, 29 ਜਨਵਰੀ : ਨੌਜਵਾਨਾਂ ਨੂੰ ਮਿਲਟਰੀ ਵੀਰ ਗਾਥਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਨੂੰ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਦਾ ਹਿੱਸਾ ਬਨਣ ਲਈ ਪ੍ਰੇਰਤ ਕਰਦਾ ਹੋਇਆ ਪਟਿਆਲਾ ਦਾ ਪਲੇਠਾ ਤੇ ਦੋ ਦਿਨਾਂ ਮਿਲਟਰੀ ਲਿਟਰੇਚਰ ਫੈਸਟੀਵਲ ਅੱਜ ਇਥੇ ਖ਼ਾਲਸਾ ਕਾਲਜ ਵਿਖੇ ਸਮਾਪਤ ਹੋ ਗਿਆ। ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਰੱਖਿਆ ਸੈਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਅਤੇ ਦੇਸ਼ ਦੀ ਰਾਖੀ ਲਈ ਪੰਜਾਬੀਆਂ ਦਾ ਯੋਗਦਾਨ ਅਹਿਮ ਹੈ, ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਦੇਸ਼ ਲਈ ਸ਼ਹੀਦ ਹੋਣ ਵਾਲੇ ਆਪਣੇ ਫ਼ੌਜੀਆਂ ਲਈ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦੇਣ ਦਾ ਫੈਸਲਾ ਕੀਤਾ ਹੈ। ਜੌੜਾਮਾਜਰਾ ਨੇ ਕਿਹਾ ਕਿ ਹਥਿਆਰਬੰਦ ਬਲਾਂ ਦੀ ਬਦੌਲਤ ਹੀ ਅਸੀਂ ਰਾਤਾਂ ਨੂੰ ਚੈਨ ਦੀ ਨੀਂਦ ਸੌਂਦੇ ਹਾਂ, ਇਸੇ ਲਈ ਪੰਜਾਬ ਸਰਕਾਰ ਨੇ ਆਪਣੇ ਨੌਜਵਾਨਾਂ ਨੂੰ ਨਸ਼ਾ ਮੁਕਤ ਰੱਖਣ ਅਤੇ ਉਨ੍ਹਾਂ ਨੂੰ ਇਨ੍ਹਾਂ ਸੈਨਾਵਾਂ ਦਾ ਹਿੱਸਾ ਬਣਨ ਲਈ ਪ੍ਰੇਰਤ ਕਰਨ ਵਾਸਤੇ ਮਿਲਟਰੀ ਲਿਟਰੇਚਰ ਫੈਸਟੀਵਲ ਸਾਰੇ ਜ਼ਿਲ੍ਹਿਆਂ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਮੁੱਖ ਮੰਤਰੀ ਦਫ਼ਤਰ ਤੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਨੇ ਜ਼ਿਲ੍ਹ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਜਦੋਂਕਿ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਇਸ ਮਿਲਟਰੀ ਲਿਟਰੇਚਰ ਫੈਸਟੀਵਲ ਨੇ ਸਾਡੇ ਨੌਜਵਾਨਾਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਿਆ ਹੈ। ਇਸ ਤੋਂ ਪਹਿਲਾਂ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫ. ਜਨ. ਟੀ.ਐਸ. ਸ਼ੇਰਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਭਰ 'ਚ ਅਜਿਹੇ ਫੈਸਟੀਵਲ ਕਰਵਾਉਣ ਦਾ ਫੈਸਲਾ ਸ਼ਲਾਘਾਯੋਗ ਹੈ ਅਤੇ ਪਟਿਆਲਾ ਦਾ ਆਪਣਾ ਇੱਕ ਫੌਜੀ ਇਤਿਹਾਸ ਹੈ, ਇਸ ਲਈ ਇਹ ਮੇਲਾ ਸਭ ਤੋਂ ਪਹਿਲਾਂ ਪਟਿਆਲਾ ਵਿਖੇ ਕਰਵਾਇਆ ਗਿਆ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਫ਼ੌਜੀ ਜੀਵਨ ਦਾ ਹਿੱਸਾ ਬਨਣ ਲਈ ਪ੍ਰੇਰਤ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਸਦੀਆਂ ਤੋਂ ਧਾੜਵੀਆਂ ਦਾ ਮੁਕਾਬਲਾ ਡੱਟਕੇ ਕੀਤਾ ਹੈ ਅਤੇ ਅਸੀਂ ਅੱਜ ਵੀ ਕੁਰਬਾਨੀਆਂ ਕਰ ਰਹੇ ਹਾਂ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ, ਭਾਰਤੀ ਫ਼ੌਜ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਫੈਸਟੀਵਲ ਦੇ ਦੋਵੇਂ ਦਿਨ ਹੋਏ ਵੱਖ-ਵੱਖ ਸਮਾਰੋਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਇੱਕ ਅਨੁਸ਼ਾਸਤ ਭਵਿੱਖ ਜਿਉਣ ਲਈ ਪ੍ਰੇਰਤ ਕੀਤਾ ਹੈ। ਸਮਾਪਤੀ ਸਮਾਰੋਹ ਮੌਕੇ ਯੰਗ ਹਿਸਟੋਰੀਅਨ ਸਿਮਰ ਸਿੰਘ ਦੀ ਪਟਿਆਲਾ ਰਿਆਸਤ ਬਾਰੇ ਡਾਕੂਮੈਂਟਰੀ ਵੀ ਜਾਰੀ ਕੀਤੀ ਗਈ। ਇਸ ਮੇਲੇ ਨੂੰ ਸਫ਼ਲ ਬਨਾਉਣ ਵਾਲਿਆਂ, ਤੀਰਅੰਦਾਜੀ 'ਚ ਹਿੱਸਾ ਲੈਣ ਵਾਲਿਆਂ ਸਮੇਤ ਬਰੇਵ ਹਰਟ ਰਾਈਡ ਵਾਲੇ ਬਾਈਕਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਲੈਫ.ਜਨ (ਰਿਟਾ.) ਚੇਤਿੰਦਰ ਸਿੰਘ, ਬ੍ਰਿਗੇਡੀਅਰ ਅਵਦਿੱਤਿਆ ਮਦਾਨ, ਕਰਨਲ ਪੈਰੀ ਗਰੇਵਾਲ, ਕਰਨਲ ਰੁਸ਼ਨੀਰ ਸਿੰਘ ਚਹਿਲ, ਸਹਾਇਕ ਕਮਿਸ਼ਨਰ ਯੂ.ਟੀ. ਡਾ. ਅਕਸ਼ਿਤਾ ਗੁਪਤਾ, ਮੇਲੇ ਦੇ ਨੋਡਲ ਅਫ਼ਸਰ ਐਸ.ਡੀ.ਐਮ ਚਰਨਜੀਤ ਸਿੰਘ, ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ, ਬਲੈਕ ਐਲੀਫੈਂਟ ਰੈਜਮੈਂਟ ਦੇ ਮੇਜਰ ਨਕੁਲ, ਹਰਸ਼ੇਰ ਸਿੰਘ ਗਰੇਵਾਲ ਤੇ ਟੀਨਾ ਗਰੇਵਾਲ, ਪ੍ਰੀਤ ਕੌਰ, ਰਿਤੂ ਜੈਨ, ਤਵਲੀਨ ਸੇਖੋਂ, ਨਿਕੂ ਸੰਧੂ, ਕੋਮੋਡੋਰ ਐਮ.ਐਸ. ਸ਼ੇਰਗਿਲ ਤੇ ਧਰਮਪਤਨੀ ਪਰਨੀਤ ਕੌਰ ਸ਼ੇਰਗਿਲ, ਗੀਤ ਗਰੇਵਾਲ, ਲੁਕੇਸ਼ ਕੁਮਾਰ, ਸੁਖਦੇਵ ਸੈਣੀ, ਅੰਗਦ ਸਿੰਘ, ਕਨਿਸ਼ਕ ਮਹਿਤਾ, ਇਸ਼ਾਨ ਸਿੰਘ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਡਿਫੈਂਸ ਸਟੱਡੀਜ ਵਿਭਾਗ ਦੇ ਵਲੰਟੀਅਰਾਂ ਦੀ ਟੀਮ ਨੇ ਇਸ ਫੈਸਟੀਵਲ ਨੂੰ ਨੇਪਰੇ ਚਾੜਨ ਲਈ ਯੋਗਦਾਨ ਪਾਇਆ।ਇਸ ਮੌਕੇ ਵੱਡੀ ਗਿਣਤੀ ਵਿਦਿਆਰਥੀ, ਪਟਿਆਲਵੀ ਅਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।