ਗਿੱਦੜਬਾਹਾ ਦੇ ਪਿੰਡ ਭਲਾਈਆਣਾ 'ਚ ਪਿਕਅੱਪ ਗੱਡੀ-ਜੁਗਾੜੂ ਰੇਹੜੀ ਨਾਲ ਟਕਰਾਈ, 1 ਮੌਤ, 10 ਗੰਭੀਰ ਜਖ਼ਮੀ

ਗਿੱਦੜਬਾਹਾ, 11 ਮਈ : ਗਿੱਦੜਬਾਹਾ ਦੇ ਪਿੰਡ ਭਲਾਈਆਣਾ 'ਚ ਇੱਕ ਪਿਕਅੱਪ ਗੱਡੀ ਜਗਾੜੂ ਰੇਹੜੀ ਨਾਲ ਟਕਰਾਉਣ ਤੋਂ ਬਾਅਦ ਕੰਧ ਨਾਲ ਟਕਰਾ ਗਈ ਹੈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 10 ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਕਈ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ । ਮਿਲੀ ਜਾਣਕਾਰੀ ਅਨੁਸਾਰ ਮੁਕਤਸਰ ਨੇੜੇ ਮੰਡੀ ਲੱਖੇਵਾਲੀ ਵਿਖੇ ਅੱਜ ਸਵੇਰੇ 7 ਵਜੇ ਦੇ ਕਰੀਬ 11 ਵਿਅਕਤੀ ਪਿਕਅੱਪ ਗੱਡੀ ਰਾਹੀਂ ਲੱਖੇਵਾਲੀ ਤੋਂ ਬਠਿੰਡਾ ਵੱਲ ਜਾ ਰਹੇ ਸਨ। ਜਦੋਂ ਪਿਕਅਪ ਪਿੰਡ ਭਲਾਈਆਣਾ ਕੋਲ ਪੁੱਜੀ ਤਾਂ ਸਾਹਮਣੇ ਤੋਂ ਇਕ ਜਗਾੜੂ ਰੇਹੜੀ ਆ ਗਈ ਤੇ ਦੋਵਾਂ ਦੀ ਆਪਸ ਵਿਚ ਟੱਕਰ ਹੋ ਗਈ। ਜਗਾੜੂ ਰੇਹੜੀ ਨਾਲ ਟਕਰਾਉਣ ਤੋਂ ਬਾਅਦ ਪਿਕਅੱਪ ਬੇਕਾਬੂ ਹੋ ਕੇ ਕੰਧ ਨਾਲ ਟਕਰਾ ਗਈ। ਇਸ ਹਾਦਸੇ 'ਚ ਰਾਮ ਚੰਦਰ (75) ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 10 ਲੋਕ ਜ਼ਖ਼ਮੀ ਹੋ ਗਏ ਹਨ। ਜਿਸ ਵਿਚ ਹਰੀ ਸਿੰਘ (60), ਰੋਸ਼ਨ (60), ਚਤਰਨਾਥ (43), ਬਲਵੀਰ ਰਾਮ (70), ਸੁਭਾਸ਼ (60), ਰੋਹਿਤ (43), ਸੰਤ ਰਾਮ (53), ਪੱਪੀ ਰਾਮ (40), ਕੁਲਾਰ ਨਾਥ (54) ਅਤੇ ਦਿਨੇਸ਼ ਗੰਭੀਰ ਜ਼ਖ਼ਮੀ ਹੋ ਗਏ। ਦਿਨੇਸ਼ ਦਾ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਇਲਾਜ ਚੱਲ ਰਿਹਾ ਹੈ, ਜਦਕਿ 9 ਵਿਅਕਤੀਆਂ ਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਰੈਫ਼ਰ ਕੀਤਾ ਗਿਆ ਹੈ।  ਇਸ ਦੇ ਨਾਲ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਹਾਊਸ ਭੇਜ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਡਾ. ਨਵਰੋਜ਼ ਨੇ ਦੱਸਿਆ ਕਿ ਅੱਜ ਸਵੇਰੇ ਹਾਦਸੇ 'ਚ ਜ਼ਖ਼ਮੀ ਹੋਏ 10 ਵਿਅਕਤੀਆਂ ਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਲਿਆਂਦਾ ਗਿਆ, ਜਿਨ੍ਹਾਂ 'ਚੋਂ 5 ਵਿਅਕਤੀਆਂ ਦੇ ਗੰਭੀਰ ਸੱਟਾਂ ਸਨ ਅਤੇ 5 ਲੋਕਾਂ ਦੇ ਹੱਥਾਂ-ਪੈਰਾਂ 'ਤੇ ਸੱਟਾਂ ਲੱਗੀਆਂ ਸਨ, ਜਿਨ੍ਹਾਂ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਹੈ।