ਪਟਾਖੇ ਵੇਚਣ ਦੇ ਆਰਜੀ ਲਾਇਸੰਸ ਲੈਣ ਲਈ ਚਾਹਵਾਨ ਵਿਅਕਤੀ ਸੇਵਾ ਕੇਂਦਰ ਵਿੱਚ ਦਰਖਾਸਤ ਮਿਤੀ 16 ਤੋਂ 23 ਅਕਤੂਬਰ, 2023 ਤੱਕ ਜਮਾ ਕਰਵਾਉਣ

ਫ਼ਰੀਦਕੋਟ 4 ਅਕਤੂਬਰ : ਵਧੀਕ ਡਿਪਟੀ ਕਮਿਸ਼ਨਰ ਡਾ. ਨਿਰਮਲ ਓਸੇਪਚਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਲ 2023 ਦੌਰਾਨ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਲੋਂ ਸਿਵਲ ਰਿਟ ਪਟੀਸ਼ਨ ਵਿਚ ਦਿੱਤੇ ਗਏ ਆਦੇਸ਼ਾਂ ਅਤੇ ਉਦਯੋਗ ਤੇ ਕਾਮਰਸ ਵਿਭਾਗ, ਪੰਜਾਬ ਪਾਸੋਂ ਪ੍ਰਾਪਤ ਹੋਈਆਂ ਹਦਾਇਤਾਂ ਦੀ ਪਾਲਣਾ ਵਿੱਚ ਪਟਾਖੇ ਵੇਚਣ ਦੇ ਆਰਜੀ ਲਾਇਸੰਸ ਲੈਣ ਲਈ ਚਾਹਵਾਨ ਵਿਅਕਤੀ ਆਪਣੀ ਦਰਖਾਸਤ ਮਿਤੀ 16 ਤੋਂ 23 ਅਕਤੂਬਰ, 2023 ਤੱਕ ਮੁਕੰਮਲ ਰੂਪ ਵਿੱਚ, ਸਵੈ-ਘੋਸ਼ਣਾ, ਆਧਾਰ ਕਾਰਡ ਦੀ ਕਾਪੀ, ਚਲਾਨ ਫਾਰਮ ਵਿੱਚ ਫੀਸ ਭਰਨ ਉਪਰੰਤ ਸੇਵਾ ਕੇਂਦਰ, ਮਿੰਨੀ ਸਕੱਤਰੇਤ, ਫਰੀਦਕੋਟ ਵਿੱਚ 23 ਅਕਤੂਬਰ, 2023 ਨੂੰ ਸ਼ਾਮ 04:00 ਵਜੇ ਤੱਕ ਪੇਸ਼ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਾਪਤ ਹੋਈਆਂ ਦਰਖਾਸਤਾਂ ਵਿੱਚੋਂ ਮਾਨਯੋਗ ਹਾਈਕੋਰਟ ਦੇ ਆਦੇਸ਼ਾਂ ਦੀ ਪਾਲਣਾ ਵਿੱਚ ਪਟਾਖੇ ਵੇਚਣ ਸਬੰਧੀ ਆਰਜੀ ਲਾਇਸੰਸ ਮਿਤੀ 26 ਅਕਤੂਬਰ 2023 ਨੂੰ ਸ਼ਾਮ 03.00 ਵਜੇ ਡਰਾਅ ਦੇ ਜਰੀਏ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਿਰਧਾਰਿਤ ਮਿਤੀ ਅਤੇ ਸਮੇਂ ਤੋਂ ਬਾਅਦ ਪ੍ਰਾਪਤ ਹੋਈ ਦਰਖਾਸਤ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਇੱਕ ਪਰਿਵਾਰ ਦੇ ਸਾਰੇ ਮੈਂਬਰਾਂ ਵੱਲੋਂ ਲਾਇਸੰਸ ਲੈਣ ਲਈ ਅਪਲਾਈ ਕੀਤਾ ਗਿਆ ਹੈ ਅਤੇ ਉਨ੍ਹਾਂ ਵਿੱਚੋਂ ਇੱਕ ਤੋਂ ਵੱਧ ਲਾਇਸੰਸ ਇੱਕ ਪਰਿਵਾਰ ਨੂੰ ਡਰਾਅ ਰਾਹੀਂ ਮਿਲਦਾ ਹੈ ਤਾਂ ਸਿਰਫ ਇੱਕ ਮੈਂਬਰ ਨੂੰ ਹੀ ਲਾਇਸੰਸ ਜਾਰੀ ਕੀਤਾ ਜਾਵੇਗਾ।