ਸਰਹੱਦੀ ਇਲਾਕੇ ‘ਚ ਘੁਸਪੈਠ ਦੀ ਕਰ ਰਿਹਾ ਸੀ ਸ਼ਖ਼ਸ, BSF ਨੇ ਕੀਤਾ ਹਲਾਕ

ਫਾਜ਼ਿਲਕਾ, 2 ਜੁਲਾਈ 2024 : ਫਾਜ਼ਿਲਕਾ ‘ਚ ਭਾਰਤ-ਪਾਕਿਸਤਾਨ ਸਰਹੱਦ ‘ਤੇ BSF ਨੇ ਵੱਡੀ ਕਾਰਵਾਈ ਕੀਤੀ ਹੈ। ਬੀਐਸਐਫ ਨੇ ਘੁਸਪੈਠ ਦੀ ਘਟਨਾ ਨੂੰ ਨਾਕਾਮ ਕਰਦਿਆਂ ਘੁਸਪੈਠੀਏ ਨੂੰ ਮਾਰ ਮੁਕਾਇਆ ਹੈ। ਇਹ ਘੁਸਪੈਠ ਸਾਦਕੀ ਸਰਹੱਦ ਤੋਂ ਭਾਰਤ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਦੌਰਾਨ ਸਰਹੱਦੀ ਸੁਰੱਖਿਆ ਮੁਲਾਜ਼ਮਾਂ ਨੇ ਕਾਰਵਾਈ ਕਰਦਿਆਂ ਉਸ ਨੂੰ ਗੋਲੀ ਮਾਰ ਦਿੱਤੀ ਹੈ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘੁਸਪੈਠੀਆ ਰਾਤ ਸਮੇਂ ਸਰਹੱਦ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਫੌਜ ਦੇ ਜਵਾਨਾਂ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਫੌਜ ਦੇ ਜਵਾਨਾਂ ਨੇ ਗੋਲੀ ਚਲਾਈ ਪਰ ਉਹ ਵਿਅਕਤੀ ਅੱਗੇ ਵਧਦਾ ਰਿਹਾ। ਇਸ ਤੋਂ ਬਾਅਦ ਸੁਰੱਖਿਆ ਗਾਰਡ ਨੇ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ। ਗੋਲੀਬਾਰੀ ਦੌਰਾਨ ਘੁਸਪੈਠੀਏ ਵਾਰ-ਵਾਰ ਆਪਣੀ ਜਗ੍ਹਾ ਬਦਲਦਾ ਰਿਹਾ ਪਰ ਪਿੱਛੇ ਨਹੀਂ ਹਟਿਆ, ਜਿਸ ਤੋਂ ਬਾਅਦ ਫੌਜ ਨੂੰ ਗੋਲੀਬਾਰੀ ਕਰਨੀ ਪਈ। ਫਾਜ਼ਿਲਕਾ ਦੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ-ਪਾਕਿਸਤਾਨ ਸਰਹੱਦ ਦੀ ਸਾਦਕੀ ਚੌਕੀ ਨੇੜੇ ਘੁਸਪੈਠ ਕਾਰਨ ਗੋਲੀਬਾਰੀ ਹੋਈਨ ਹੈ। ਇਸ ਦੌਰਾਨ ਇੱਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ। ਇਸ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ। ਨੌਜਵਾਨ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਭਾਰਤੀ ਸਰਹੱਦ ‘ਚ ਕਿਉਂ ਦਾਖਲ ਹੋ ਰਿਹਾ ਸੀ। ਇਸ ਘਟਨਾ ਤੋਂ ਬਾਅਦ ਬੀਐਸਐਫ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਗੋਲਾਬਾਰੀ ‘ਚ ਮਾਰੇ ਗਏ ਵਿਅਕਤੀ ਤੋਂ ਇਲਾਵਾ ਇਹ ਯਕੀਨੀ ਬਣਾਉਣ ਲਈ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਕੋਈ ਹੋਰ ਪਾਕਿਸਤਾਨੀ ਘੁਸਪੈਠੀਆ ਸਰਹੱਦ ‘ਚ ਦਾਖਲ ਤਾਂ ਨਹੀਂ ਹੋਇਆ। ਮ੍ਰਿਤਕ ਦੀ ਉਮਰ 24-25 ਸਾਲ ਦੱਸੀ ਜਾ ਰਹੀ ਹੈ, ਜਿਸ ਦਾ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ‘ਚ ਪੋਸਟਮਾਰਟਮ ਕੀਤਾ ਜਾਣਾ ਹੈ।