ਲਾਇਸੰਸੀ ਰਿਵਾਲਵਰ ਦੀ ਗੋਲੀ ਲੱਗਣ ਕਾਰਨ ਜਖਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ 

ਰਾਏਕੋਟ, 31 ਜੁਲਾਈ (ਚਮਕੌਰ ਸਿੰਘ ਦਿਓਲ) : ਬੀਤੇ ਦਿਨੀ ਕਰੀਬੀ ਪਿੰਡ ਅਕਾਲਗੜ੍ਹ ਛੰਨਾ ਦਾ ਵਸਨੀਕ ਇੱਕ ਨੌਜਵਾਨ ਦਲਜੀਤ ਸਿੰਘ ਉਰਫ ਜੀਤਾ ਜੋ ਕਿ ਆਪਣੀ ਲਾਇਸੈਂਸੀ ਰਿਵਾਲਵਰ ’ਚੋਂ ਚੱਲੀ ਗੋਲੀ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ ਅਤੇ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ’ਚ ਉਸ ਦਾ ਇਲਾਜ ਚੱਲ ਰਿਹਾ ਸੀ, ਪ੍ਰੰਤੂ ਇਲਾਜ ਦੌਰਾਨ ਉਸ ਦੀ ਸਥਿਤੀ ਨਾਜ਼ੁਕ ਬਣੀ ਹੋਈ ਸੀ, ਜਿਸ ਦੇ ਚੱਲਦਿਆਂ ਅੱਜ ਸਵੇਰੇ ਉਕਤ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਪੁਲਿਸ ਚੌਕੀ ਲੋਹਟਬੱਦੀ ਦੇ ਇੰਚਾਰਜ ਸੁਖਵਿੰਦਰ ਸਿੰਘ ਦਿਉਲ ਨੇ  ਦੱਸਿਆ ਕਿ ਮਿ੍ਰਤਕ ਦੀ ਪਤਨੀ ਜਸਮੀਨ ਕੌਰ ਨੇ ਪੁਲਿਸ ਕੋਲ ਲਿਖਵਾਏ ਆਪਣੇ ਬਿਆਨਾਂ ਵਿੱਚ ਕਿਹਾ ਕਿ ਉਹ ਦਿਨ ਸ਼ਨੀਵਾਰ ਨੂੰ ਆਪਣੇ ਪਤੀ ਦਲਜੀਤ ਸਿੰਘ ਜੀਤਾ  ਅਤੇ ਬੇਟੇ ਨਾਲ ਦਲਜੀਤ ਸਿੰਘ ਦੀ ਭੈਣ ਨੂੰ ਸੰਧਾਰਾ ਦੇਣ ਲਈ ਗੱਡੀ ਵਿੱਚ ਜਾ ਰਹੇ ਸਨ। ਜਦ ਦਲਜੀਤ ਸਿੰਘ ਜੀਤਾ ਨੇ ਗੱਡੀ ਦੀ ਸੀਟ ਦੇ ਪਿੱਛੇ ਰੱਖੇ ਆਪਣੇ ਲਾਇੰਸੈਂਸੀ ਰਿਵਾਲਵਰ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਪਿਛਲੀ ਸੀਟ ਦੀ ਜ਼ੇਬ ’ਚ ਪਈ ਇੱਕ ਵੱਧਰੀ ਪਿਸਤੌਲ ’ਚ ਫਸ ਗਈ ਅਤੇ ਪਿਸਤੌਲ ਕੱਢਣ ਦੌਰਾਨ ਅਚਾਨਕ ਫਾਇਰ ਹੋ ਗਿਆ ਜੋ ਕਿ ਜੋ ਕਿ ਦਲਜੀਤ ਸਿੰਘ ਦੀ ਪਿੱਠ ਵਿੱਚ ਲੱਗ ਕੇ ਪੇਟ ਵਿੱਚ ਚਲੀ ਗਈ। ਉਸ ਨੂੰ ਤੁਰੰਤ ਜ਼ਖ਼ਮੀ ਹਾਲਤ ਵਿੱਚ ਰਾਏਕੋਟ ਦੇ ਇੱਕ ਪ੍ਰਾਇੀਵੇਟ ਹਸਪਤਾਲ ’ਚ ਲਿਆਂਦਾ ਗਿਆ, ਜਿੱਥੋਂ ਉਸ ਨੂੰ ਲੁਧਿਆਣੇ ਦੇ ਡੀ.ਐਮ.ਸੀ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ ਸੀ। ਜਿੱਥੇ ਅੱਜ ਸਵੇਰੇ ਦਲਜੀਤ ਸਿੰਘ ਦੀ ਇਲਾਜ  ਦੌਰਾਨ ਮੌਤ ਹੋ ਗਈ। ਇਸ ਸਬੰਧ ’ਚ ਪੁਲਿਸ ਵਲੋਂ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਮਿ੍ਰਤਕ ਦੀ ਲਾਸ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।