ਪੰਜਾਬ ਦੇ ਲੋਕ ਭਾਈਚਾਰਕ ਸਾਂਝ ਦੀ ਪੁਖਤਾ ਮਿਸਾਲ : ਵਿਧਾਇਕ ਸੇਖੋਂ

  • ਹੜ੍ਹ ਪੀੜਤਾਂ ਲਈ ਪਿੰਡ ਵਾਸੀਆਂ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚਾਇਆ ਜਾ ਰਿਹਾ ਹੈ ਲੰਗਰ, ਹਰਾ ਚਾਰਾ ਅਤੇ ਹੋਰ ਰਸਦ
  • ਲੋਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਕੀਤੀ ਅਪੀਲ

ਫਰੀਦਕੋਟ 20 ਜੁਲਾਈ : ਫਿਰੋਜਪੁਰ, ਮਾਨਸਾ ਜਿੱਥੇ ਕਿ ਹੜ੍ਹਾਂ ਦੀ ਮਾਰ ਹੇਠ ਪਿੰਡ ਆਏ ਹਨ, ਵਿੱਚ ਲੋਕਾਂ ਨੂੰ ਲੰਗਰ ਦੀ ਸੇਵਾ ਕਰਨ ਪਹੁੰਚਾਉਣ ਲਈ ਪਿੰਡ ਮਚਾਕੀ ਖੁਰਦ ਵਿਖੇ ਧੰਨ ਧੰਨ ਬਾਬਾ ਖਜਾਨ ਸਿੰਘ ਦੇ ਸਥਾਨ ਉੱਪਰ ਪਿੰਡ ਵਾਸੀਆਂ ਵੱਲੋਂ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ ਵਿੱਚ ਲੰਗਰ ਤਿਆਰ ਕੀਤਾ ਗਿਆ। ਜਿਸ ਵਿੱਚ ਪਿੰਡ ਵਾਸੀਆਂ ਅਤੇ ਨੇੜੇ ਦੇ ਪਿੰਡਾਂ ਨੇ ਵੱਧ ਚੜ੍ਹ ਕੇ ਯੋਗਦਾਨ ਪਾਇਆ ਗਿਆ। ਇਸ ਮੌਕੇ ਵਿਧਾਇਕ ਸ. ਸੇਖੋਂ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਮੁਸੀਬਤ ਦੀ ਘੜੀ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਭਾਈਚਾਰਕ ਸਾਂਝ ਦੀ ਮਿਸਾਲ ਹੇਠ ਪਿੰਡ ਮਚਾਕੀ ਖੁਰਦ ਵਿੱਚ ਪਿੰਡ ਵਾਸੀਆਂ ਅਤੇ ਆਸ ਪਾਸ ਦੇ ਪਿੰਡ ਦੇ ਲੋਕਾਂ ਵੱਲੋਂ ਵੱਧ ਚੜ੍ਹ ਕੇ ਹੜ੍ਹ ਦੀ ਮਾਰ ਹੇਠ ਆਏ ਪਿੰਡਾਂ ਵਿੱਚ ਪੀੜਤ ਲੋਕਾਂ ਨੂੰ ਲੰਗਰ ਮੁਹੱਈਆ ਕਰਵਾਉਣ ਲਈ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਲੰਗਰ ਉਨ੍ਹਾਂ ਥਾਵਾਂ ਤੇ ਲਿਜਾਇਆ ਜਾਵੇਗਾ, ਜਿੱਥੇ ਕਿ ਲੰਗਰ ਘੱਟ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਲੰਗਰ ਤੋਂ ਇਲਾਵਾ ਪਸ਼ੂਆਂ ਲਈ ਹਰਾ ਚਾਰਾ, ਪੀਣ ਵਾਲਾ ਪਾਣੀ, ਤਰਪਾਲਾਂ ਆਦਿ ਦੀ ਵੀ ਸੇਵਾ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਜਿੱਥੇ ਕਿਤੇ ਹੜ੍ਹਾ ਦੀ ਮਾਰ ਥੱਲੇ ਆਏ ਲੋੜਵੰਦਾਂ ਦਾ ਪਤਾ ਲੱਗਦਾ ਹੈ, ਉਹ ਸੇਵਾ ਕਰਨ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਸ ਮੁਸੀਬਤ ਦੀ ਘੜੀ ਵਿੱਚੋਂ ਕੱਢਿਆ ਜਾ ਸਕੇ।