ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਅਬੋਹਰ ਵਿਚ ਲੋਕ ਸੁਵਿਧਾ ਕੈਂਪ

  • ਸੈਂਕੜੇ ਲੋਕਾਂ ਨੇ ਲਿਆ ਕੈਂਪ ਦਾ ਲਾਭ, ਮੌਕੇ ਤੇ ਹੀ ਹੱਥੋ ਹੱਥ ਹੋਏ ਲੋਕਾਂ ਦੇ ਕੰਮ
  • ਪਿੰਡ ਅਤੇ ਸ਼ਹਿਰਾਂ ਵਿਚ ਲਗਾਤਾਰ ਇਸ ਤਰਾਂ ਦੇ ਕੈਂਪ ਲਗਾਏ ਜਾ ਰਹੇ ਹਨ : ਡਿਪਟੀ ਕਮਿਸ਼ਨਰ
  • ਹੁਣ ਘਰਾਂ ਵਿਚ ਬੈਠਕੇ ਵੀ ਮਿਲਣਗੀਆਂ ਸਰਕਾਰੀ ਸੇਵਾਵਾਂ—ਅਰੁਣ ਨਾਰੰਗ

ਅਬੋਹਰ, ਫਾਜਿ਼ਲਕਾ, 20 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਬਰੂਹਾਂ ਤੇ ਸਰਕਾਰੀ ਸਹੁਲਤਾਂ ਦੇਣ ਦੇ ਉਦੇਸ਼ ਨਾਲ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਵਿਸੇਸ਼ ਲੋਕ ਸੁਵਿਧਾ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਸਹੁਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਲੜੀ ਵਿਚ ਐਸਡੀਐਮ ਦਫ਼ਤਰ ਅਬੋਹਰ ਵਿਖੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਦੀ ਪ੍ਰਧਾਨਗੀ ਵਿਚ ਇਕ ਸੁਵਿਧਾ ਕੈਂਪ ਲਗਾਇਆ ਗਿਆ ਜਿਸ ਵਿਚ ਸਾਬਕਾ ਵਿਧਾਇਕ ਸ੍ਰੀ ਅਰੁਣ ਨਾਰੰਗ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਇਸ ਤਰਾਂ ਦੇ ਲਗਾਏ ਜਾ ਰਹੇ ਕੈਂਪ ਲੋਕਾਂ ਲਈ ਬਹੁਤ ਵੱਡੀ ਸਹੁਲਤ ਸਾਬਤ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਕੈਂਪ ਵਿਚ ਸਾਰੇ ਵਿਭਾਗ ਆਪਣੇ ਕਾਊਂਟਰ ਲਗਾਉਂਦੇ ਹਨ ਅਤੇ ਲੋਕਾਂ ਦੇ ਕੰਮ ਮੌਕੇ ਤੇ ਹੀ ਹੋ ਜਾਂਦੇ ਹਨ। ਅੱਜ ਦੇ ਕੈਂਪ ਵਿਚ ਵੀ ਮੌਕੇ ਤੇ ਹੀ ਅਨੇਕਾਂ ਲੋਕਾਂ ਨੂੰ ਸਰਟੀਫਿਕੇਟ ਬਣਾ ਕੇ ਦਿੱਤੇ ਗਏ ਜਦੋਂ ਕਿ ਮਾਲ ਵਿਭਾਗ ਨਾਲ ਸਬੰਧਤ ਕੰਮ ਵੀ ਹੱਥੋ ਹੱਥ ਹੋਏ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਦਫ਼ਤਰਾਂ ਵਿਚ ਆਉਣ ਵਾਲੇ ਲੋਕਾਂ ਨੂੰ ਤਨਦੇਹੀ ਨਾਲ ਸਰਕਾਰੀ ਸੇਵਾਵਾਂ ਦਾ ਲਾਭ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿ਼ਲ੍ਹਾ ਪ੍ਰਸ਼ਾਸਨ ਲੋਕਾਂ ਦੀ ਬਿਹਤਰੀ ਲਈ ਲਗਾਤਾਰ ਕਾਰਜਸ਼ੀਲ ਹੈ। ਸਾਬਕਾ ਵਿਧਾਇਕ ਸ੍ਰੀ ਅਰੁਣ ਨਾਰੰਗ ਨੇ ਸੰਬੋਧਨ ਵਿਚ ਕਿਹਾ ਕਿ ਸੂਬਾ ਸਰਕਾਰ ਵੱਲੋਂ ਹੁਣ ਲੋਕਾਂ ਦੇ ਘਰਾਂ ਤੱਕ ਪ੍ਰਸ਼ਾਸਨਿਕ ਸਹੁਲਤਾਂ ਦੇਣ ਦੇ ਉਦੇਸ਼ ਨਾਲ 1076 ਨੰਬਰ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ। ਜਿਸ ਨਾਲ ਲੋਕ ਆਪਣੇ ਘਰੋਂ ਕਾਲ ਕਰਕੇ ਸਰਕਾਰੀ ਨੁੰਮਾਇੰਦੇ ਨੂੰ ਘਰ ਬੁਲਾ ਕੇ 43 ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਤੇ ਅਬੋਹਰ ਦੇ ਐਸਡੀਐਮ ਸ੍ਰੀ ਰਵਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਅੱਜ ਦੇ ਕੈਂਪ ਵਿਚ ਸੈਂਕੜੇ ਲੋਕਾਂ ਨੇ ਲਾਭ ਲਿਆ ਅਤੇ ਇਸ ਤਰਾਂ ਦੇ ਕੈਂਪ ਲਗਾਤਾਰ ਲਗਦੇ ਰਹਿਣਗੇ। ਇਸ ਮੌਕੇ ਤਹਿਸੀਲਦਾਰ ਅਬੋਹਰ ਸ੍ਰੀ ਰਜਿੰਦਰ ਸਿੰਘ, ਨਾਇਬ ਤਹਿਸੀਲਦਾਰ ਅਬੋਹਰ ਰਮਿੰਦਰ ਪਾਲ ਸਿੰਘ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।ਕੈਂਪ ਦੌਰਾਨ ਬਹੁਤ ਸਾਰੇ ਅਜਿਹੇ ਕੇਸ ਸਾਹਮਣੇ ਆਏ ਜਿੰਨ੍ਹਾਂ ਵਿਚ ਬਕਾਇਆ ਪਏ ਇੰਤਕਾਲ ਮੌਕੇ ਤੇ ਹੀ ਹੋ ਗਏ ਅਤੇ ਲੋਕਾਂ ਨੂੰ ਕਾਪੀ ਮਿਲ ਗਈ। ਇਸੇ ਤਰਾਂ ਜਿੰਨ੍ਹਾਂ ਨੇ ਸੇਵਾ ਕੇਂਦਰ ਨਾਲ ਸੰਬਧਤ ਕੰਮਾਂ ਲਈ ਅੱਜ ਸਵੇਰੇ ਕੈਂਪ ਵਿਚ ਅਪਲਾੀ ਕੀਤਾ ਸੀ ਉਨ੍ਹਾਂ ਨੂੰ ਮੌਕੇ ਤੇ ਹੀ ਵੱਖ ਵੱਖ ਪ੍ਰਕਾਰ ਦੇ ਸਰਟੀਫਿਕੇਟ ਬਣਾ ਕੇ ਦਿੱਤੇ ਗਏ।