ਚੋਣ ਮੁਹਿੰਮ ਵਿੱਚ ਲੱਗੇ ਹੋਰਨਾ ਜ਼ਿਲਿਆਂ ਦੇ ਵਿਅਕਤੀਆਂ ਨੂੰ ਵੋਟਾਂ ਵਾਲੇ ਦਿਨ ਤੋਂ 48 ਘੰਟੇ ਪਹਿਲਾਂ ਜ਼ਿਲਾ ਛੱਡਣ ਦੇ ਆਦੇਸ਼

ਫਤਿਹਗੜ੍ਹ ਸਾਹਿਬ, 11 ਅਕਤੂਬਰ 2024 : ਜ਼ਿਲਾ ਮੈਜਿਸਟਰੇਟ ਡਾ. ਸੋਨਾ ਥਿੰਦ ਨੇ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਦੀ ਧਾਰਾ 110 ਅਧੀਨ ਪੰਜਾਬ ਪੰਚਾਇਤ ਚੋਣ ਨਿਯਮ 1994 ਦੇ ਨਿਯਮ 48 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਫਤਿਹਗੜ੍ਹ ਸਾਹਿਬ ਵਿੱਚ ਪੰਚਾਇਤੀ ਚੋਣਾਂ 2024 ਦੀ ਚੋਣ ਮੁਹਿੰਮ ਵਿੱਚ ਲੱਗੇ ਬਾਹਰਲੇ ਜ਼ਿਲਿਆਂ ਦੇ ਉਹਨਾਂ ਵਿਅਕਤੀਆਂ ਜੋ ਜ਼ਿਲ੍ਹੇ ਦੇ ਵੋਟਰ ਨਹੀਂ ਹਨ, ਨੂੰ ਵੋਟਾਂ ਵਾਲੇ ਦਿਨ 15 ਅਕਤੂਬਰ ਤੋਂ 48 ਘੰਟੇ  ਪਹਿਲਾਂ ਭਾਵ 13 ਅਕਤੂਬਰ ਨੂੰ ਸ਼ਾਮ 6 ਵਜੇ ਤੱਕ ਫਤਿਹਗੜ੍ਹ ਸਾਹਿਬ ਜ਼ਿਲਾ ਛੱਡਣ ਦੇ ਹੁਕਮ ਦਿੱਤੇ ਹਨ। ਇਹਨਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਲਈ ਜ਼ਿਲਾ ਪੁਲਿਸ ਮੁਖੀ ਦੀ ਜਿੰਮੇਵਾਰੀ ਤੈਅ ਕੀਤੀ ਗਈ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਕਰਵਾਈਆਂ ਜਾ ਰਹੀਆਂ ਹਨ ਅਤੇ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਦੀ ਧਾਰਾ 110 ਅਨੁਸਾਰ ਉਹ ਵਿਅਕਤੀ ਜੋ ਫਤਿਹਗੜ੍ਹ ਸਾਹਿਬ ਜਿਲੇ ਦੇ ਵੋਟਰ ਨਹੀਂ ਹਨ, ਹਲਕੇ ਵਿੱਚ ਨਹੀਂ ਰਹਿ ਸਕਦੇ। ਅਮਨ ਸ਼ਾਂਤੀ ਨਾਲ ਪੰਚਾਇਤੀ ਚੋਣਾਂ ਕਰਵਾਉਣ ਲਈ ਇਹ ਜਰੂਰੀ ਹੋ ਜਾਂਦਾ ਹੈ ਕਿ ਚੋਣ ਮੁਹਿੰਮ ਵਿੱਚ ਲੱਗੇ ਉਹ ਵਿਅਕਤੀ ਜੋ ਫਤਿਹਗੜ੍ਹ ਸਾਹਿਬ ਜ਼ਿਲ੍ੇ ਦੇ ਵੋਟਰ ਨਹੀਂ ਹਨ, ਨੂੰ ਵੋਟਾਂ ਵਾਲੇ ਦਿਨ 15 ਅਕਤੂਬਰ ਤੋਂ 48 ਘੰਟੇ ਪਹਿਲਾਂ ਹਲਕੇ ਵਿੱਚ ਰਹਿਣ ਤੇ ਪਾਬੰਦੀ ਲਗਾਈ ਜਾਵੇ ਅਤੇ ਜ਼ਿਲ੍ਹੇ ਵਿੱਚ ਕੇਬਲ ਉਹੀ ਵਿਅਕਤੀ ਰਹਿ ਸਕਦਾ ਹੈ, ਜੋ ਇਸ ਜ਼ਿਲ੍ਹੇ ਦਾ ਹੋਵੇ।