ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਸਰਹਿੰਦ ਚੋਅ ਵਿੱਚ ਕੱਲ੍ਹ ਤੱਕ ਪਾਣੀ ਦਾ ਪੱਧਰ ਘਟਣ ਦੀ ਪੂਰੀ ਸੰਭਾਵਨਾ : ਅਮਨ ਅਰੋੜਾ

  • ਅਮਨ ਅਰੋੜਾ ਨੇ ਸੁਨਾਮ ਵਿਖੇ ਸਰਹਿੰਦ ਚੋਅ ਵਿੱਚ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ
  • ਪ੍ਰਸ਼ਾਸਨ ਵੱਲੋਂ ਹਰੇਕ ਤਰ੍ਹਾਂ ਦੇ ਪ੍ਰਬੰਧ, ਲੋੜ ਪੈਣ ’ਤੇ ਰਾਹਤ ਕਾਰਜਾਂ, ਬਚਾਅ ਕਾਰਜਾਂ ਅਤੇ ਮੁੜ ਵਸੇਬੇ ਲਈ ਕੋਈ ਦਿੱਕਤ ਨਹੀਂ ਪੇਸ਼ ਆਵੇਗੀ

ਸੁਨਾਮ, 14 ਜੁਲਾਈ : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਵਿਖੇ ਸਰਹਿੰਦ ਚੋਅ ਵਿੱਚ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸੁਨਾਮ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਸਰਹਿੰਦ ਚੋਅ ਦਾ ਪਾਣੀ ਅਗਲੇ 24 ਘੰਟਿਆਂ ਵਿੱਚ ਘਟਣ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਸੰਗਰੂਰ ਰੋਡ ’ਤੇ ਚੱਠੇ ਨਕਟੇ ਪੁਲ, ਓਵਰ ਬ੍ਰਿਜ ਨੇੜੇ ਸਕੂਟਰ ਮੋਟਰ ਸਾਇਕਲ ਮਾਰਕੀਟ, ਸਿਵਲ ਹਸਪਤਾਲ ਕੋਲ ਆਦਿ ਥਾਵਾਂ ’ਤੇ ਅਧਿਕਾਰੀਆਂ ਸਮੇਤ ਸਰਹਿੰਦ ਚੋਅ ਦਾ ਨਿਰੀਖਣ ਕਰਨ ਮਗਰੋਂ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਇੱਕ ਦਮ ਪਾਣੀ ਦਾ ਪੱਧਰ ਵਧ ਜਾਣ ਕਾਰਨ ਸਰਹਿੰਦ ਚੋਅ ਦਾ ਪਾਣੀ ਕੁਝ ਉਛਲਿਆ ਜ਼ਰੂਰ ਸੀ ਪਰ ਸਥਿਤੀ ਨਿਯੰਤਰਣ ਵਿੱਚ ਹੈ ਅਤੇ ਪ੍ਰਸ਼ਾਸਨ ਹਰੇਕ ਤਰ੍ਹਾਂ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਪੱਬਾਂ ਭਾਰ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਮਾਰ ਹੇਠ ਆਏ ਪੰਜਾਬ ਦੇ ਜ਼ਿਲਿਆਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵੱਡੇ ਪੱਧਰ ’ਤੇ ਰਾਹਤ ਕਾਰਜ ਚੱਲ ਰਹੇ ਹਨ ਅਤੇ ਸੁਨਾਮ ਸ਼ਹਿਰ ਤੇ ਇਲਾਕੇ ਵਿੱਚ ਹੜ੍ਹਾਂ ਦੇ ਪਾਣੀ ਸਬੰਧੀ ਕੋਈ ਦਿੱਕਤ ਨਹੀਂ ਹੈ। ਉਨ੍ਹਾਂ ਕਿਹਾ ਕਿ ਮਗਨਰੇਗਾ ਕਰਮੀਆਂ ਰਾਹੀਂ ਅਹਿਤਿਆਤ ਵਜੋਂ ਮਿੱਟੀ ਤੇ ਰੇਤੇ ਦੇ ਥੈਲੇ ਭਰਵਾ ਕੇ ਪ੍ਰਬੰਧ ਦੇ ਕੰਮ ਚੱਲ ਰਹੇ ਹਨ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਪਿੰਡ ਵਾਸੀ ਨੂੰ ਸਰਹਿੰਦ ਚੋਅ ਨੇੜੇ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਪੇਸ਼ ਆਉਂਦੀ ਮਹਿਸੂਸ ਹੋਵੇ ਤਾਂ ਉਹ ਤੁਰੰਤ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦਾ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਰਾਜ ਦੇ ਸਮੂਹ ਜ਼ਿਲਿਆਂ ਤੇ ਹਲਕਿਆਂ ਵਿੱਚ ਮੰਤਰੀ ਸਾਹਿਬਾਨ ਤੇ ਵਿਧਾਇਕ ਲੋਕਾਂ ਵਿੱਚ ਵਿਚਰਦੇ ਹੋਏ ਪ੍ਰਸਾਸਨ ਦੀ ਮੌਜੂਦਗੀ ਵਿੱਚ ਹਰ ਸੰਭਵ ਮਦਦ ਹੜ੍ਹ ਪੀੜਤਾਂ ਨੂੰ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖੁਦ ਵੀ ਜ਼ਮੀਨੀ ਪੱਧਰ ’ਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੌਰੇ ’ਤੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਡਰੇਨਾਂ, ਨਹਿਰਾਂ, ਬਰਸਾਤੀ ਨਾਲਿਆਂ ਦੀ ਸਫਾਈ ਪ੍ਰਤੀ ਅਵੇਸਲਾਪਣ ਅਪਣਾਇਆ ਜਿਸ ਕਾਰਨ ਲੋਕਾਂ ਨੂੰ ਸਮੇਂ ਸਮੇ ਤੇ ਨੁਕਸਾਨ ਉਠਾਉਣਾ ਪਿਆ ਪਰ ਆਪ ਸਰਕਾਰ ਨੇ ਤਰਜੀਹੀ ਆਧਾਰ ’ਤੇ ਸਫਾਈ ਕਾਰਜ ਕਰਵਾਏ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਰਾਹਤ ਕਾਰਜਾਂ, ਬਚਾਅ ਕਾਰਜਾਂ, ਮੁੜ ਵਸੇਬੇ ਲਈ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਐਸ.ਡੀ.ਐਮ ਜਸਪ੍ਰੀਤ ਸਿੰਘ, ਚੇਅਰਮੈਨ ਮੁਕੇਸ਼ ਜੁਨੇਜਾ, ਹਰਦੀਪ ਸਿੰਘ ਐਸ.ਡੀ.ਓ ਡਰੇਨੇਜ਼, ਈਓ ਅੰਮ੍ਰਿਤ ਲਾਲ, ਪ੍ਰਧਾਨ ਨਗਰ ਕੌਂਸਲ ਨਿਸ਼ਾਨ ਸਿੰਘ ਟੋਨੀ, ਡੀ.ਐਸ.ਪੀ ਭਰਪੂਰ ਸਿੰਘ, ਯਾਦਵਿੰਦਰ ਰਾਜਾ ਨਕਟੇ, ਰਵੀ ਕਮਲ ਗੋਇਲ, ਵਿੱਕੀ ਗਰਗ, ਭਾਨੂੰ ਪ੍ਰਤਾਪ, ਸੰਦੀਪ ਜਿੰਦਲ ਵੀ ਹਾਜ਼ਰ ਸਨ।