ਪਾਵਰਕਾਮ ਅਧਿਕਾਰੀਆਂ ਦੀ ਮਨਮਰਜ਼ੀ ਕਾਰਨ ਲੋਕ ਹੋ ਰਹੇ ਖੱਜਲ-ਖੁਆਰ : ਸਾਬਕਾ ਪ੍ਰਧਾਨ ਗਿੱਲ

ਰਾਏਕੋਟ 11 ਅਪ੍ਰੈਲ (ਚਮਕੌਰ ਸਿੰਘ ਦਿਓਲ) : ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪਾਵਰਕਾਮ ਅਧਿਕਾਰੀਆਂ ਵਲੋਂ ਆਪੋ-ਆਪਣੇ ਫਰਜ਼ਾਂ ਦੀ ਪਾਲਣਾ ਨਾ ਕਰਨ ਤੇ ਖਪਤਕਾਰ ਹੋ ਰਹੇ ਨੇ ਹੈਰਾਨ ਤੇ ਪ੍ਰੇਸ਼ਾਨ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਕੌਂਸਲ ਰਾਏਕੋਟ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਅਤੇ ਸੁਖਚੈਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।ਉਨ੍ਹਾਂ ਦੱਸਿਆ ਕਿ ਜਦੋਂ ਕੋਈ ਵੀ ਵਿਅਕਤੀ ਪਾਵਰਕਾਮ ਦਫਤਰ ਰਾਏਕੋਟ ਵਿਖੇ ਦਫਤਰ ਦੇ ਕੰਮ ਨਾਲ ਸੰਬੰਧਿਤ ਕੋਈ ਵੀ ਕੰਮਕਾਜ ਕਰਵਾਉਣ ਜਾਂਦਾ ਹੈ ਤਾਂ ਕਦੇ ਪਾਵਰਕਾਮ ਦਾ ਐਕਸ਼ੀਅਨ ਛੁੱਟੀ ਤੇ ਮਿਲਦਾ ਹੈ, ਜੇਕਰ ਐਕਸ਼ੀਅਨ ਹਾਜ਼ਰ ਹੁੰਦਾ ਹੈ ਤਾਂ ਉਸ ਦਿਨ ਐੱਸ.ਡੀ.ਓ ਛੁੱਟੀ ਤੇ ਮਿਲਦਾ ਹੈ। ਜੇਕਰ ਦੋਵੇਂ ਅਧਿਕਾਰੀ ਹਾਜ਼ਰ ਹੁੰਦੇ ਹਨ ਤਾਂ ਪਾਵਰਕਾਮ ਦੇ ਆਰ.ਏ ਵਗੈਰਾ ਅਧਿਕਾਰੀ ਛੁੱਟੀ ਤੇ ਜਾਂ ਆਊਟ ਆਫ ਸਟੇਸ਼ਨ ਹੁੰਦੇ ਹਨ। ਇਸ ਤੋਂ ਇਲਾਵਾ ਕੰਮ ਦੇ ਸੰਬੰਧ ਵਿੱਚ ਬਿਜਲੀ ਦਫਤਰ ਵਿਖੇ ਆਏ ਲੋਕਾਂ ਨੇ ਦੱਸਿਆ ਕਿ ਇਸ ਤਰ੍ਹਾਂ ਅਧਿਕਾਰੀਆਂ ਦੀ ਮਨਮਰਜ਼ੀ ਕਾਰਨ ਉਹ ਆਪਣੇ ਕੰਮ ਕਰਵਾਉਣ ਲਈ 10-15 ਤੋਂ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਬਿਜਲੀ ਵਿਭਾਗ ਦੇ ਮੰਤਰੀ ਨੂੰ ਅਪੀਲ ਕੀਤੀ ਕਿ ਰਾਏਕੋਟ ਦੇ ਪਾਵਰਕਾਮ ਦਫਤਰ ਦੇ ਅਧਿਕਾਰੀਆਂ ਦੀਆਂ ਆਪਹੁਦਰੀਆਂ ਨੂੰ ਨੱਥ ਪਾਈ ਜਾਵੇ ਤਾਂ ਜੋ ਆਮ ਜਨਤਾ ਨੂੰ ਪਾਵਰਕਾਮ ਦਫਤਰ ਵਿੱਚ ਹੋ ਰਹੀ ਖੱਜਲ-ਖੁਆਰੀ ਤੋਂ ਛੁਟਕਾਰਾ ਮਿਲ ਸਕੇ।ਉਧਰ ਜਦ ਐੱਸ.ਡੀ.ਓ ਪਾਵਰਕਾਮ ਰਾਏਕੋਟ ਕੁਲਦੀਪ ਕੁਮਾਰ ਨਾਲ ਜਦ ਦਫਤਰ ਵਿੱਚੋਂ ਗੈਰ-ਹਾਜ਼ਰ ਰਹਿਣ ਸੰਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਉਸ ਕੋਲ ਸਬ-ਡਿਵੀਜ਼ਨ ਲੱਖਾ ਦਾ ਚਾਰਜ ਹੋਣ ਕਰਕੇ ਉਹ ਦਫਤਰ ਰਾਏਕੋਟ ਵਿਖੇ ਪੂਰਾ ਸਮਾਂ ਡਿਊਟੀ ਨਹੀਂ ਦੇ ਸਕੇ। ਜਦ ਐਕਸ਼ੀਅਨ ਰਾਏਕੋਟ ਨਾਲ ਮਾਮਲੇ ਸੰਬੰਧੀ ਗੱਲਬਾਤ ਕਰਨ ਲਈ ਉਨ੍ਹਾਂ ਨਾਲ ਫੋਨ ਤੇ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਆਪਣਾ ਫੋਨ ਚੁੱਕਣਾ ਮੁਨਾਸਬ ਨਾ ਸਮਝਿਆ।