ਤੇਸੀਆਂ, ਕਾਂਡੀਆ, ਕਹੀਆਂ ਤੇ ਦਾਤੀਆਂ ਵਾਲੇ ਹੱਥਾਂ ਵਿਚ ਦੇ ਦਿੱਤੀਆਂ ਕਲਮਾਂ

  • ਜ਼ਿਲ੍ਹਾ ਫਾਜ਼ਿਲਕਾ ਦੇ 6000 ਗੈਰ -ਸਾਖਰਾਂ ਨੇ ਦਿੱਤੀ ਪ੍ਰੀਖਿਆ
  • ਚਾਹ ਦੀਆਂ ਚੁਸਕੀਆਂ ਤੇ ਲਡੂਆਂ ਨਾਲ ਕਰਵਾਈ ਸ਼ੁਰੂਆਤ

ਫਾਜ਼ਿਲਕਾ, 25 ਸਤੰਬਰ : ਨਵ -ਭਾਰਤ ਸਾਖਰ ਪੋ੍ਰਗਰਾਮ ਤਹਿਤ ਅੱਜ ਜ਼ਿਲ੍ਹਾ ਫਾਜ਼ਿਲਕਾ ਦੇ 6000 ਗੈਰ ਸਾਖਰਾਂ ਨੇ ਪ੍ਰੀਖਿਆ ਦਿੱਤੀ। ਸਕੂਲ ਮੁਖੀਆਂ ਅਤੇ ਅਧਿਆਪਕਾਂ ਸਦਕਾ ਗੈਰ ਸਾਖਰ ਲੋਕਾਂ ਨੂੰ ਕੰਮਕਾਰਾ ਤੋਂ ਰੋਕ ਕੇ ਉਨ੍ਹਾਂ ਦੀ ਪ੍ਰੀਖਿਆ ਲਈ ਗਈ । ਰਾਜ ਮਿਸਤਰੀ ਜਦੋਂ ਹੱਥਾਂ ਵਿਚ ਤੇਸੀਆ, ਕਾਂਡੀਆਂ ਅਤੇ ਕਹੀਆ ਲੈ ਕੇ ਪਹੁੰਚੇ ਤਾਂ ਅਜੀਬ ਹੀ ਨਜਾਰਾ ਵੇਖਣ ਨੂੰ ਮਿਲਿਆ, ਕੰਮਾਕਾਰਾਂ ਵਾਲੇ ਲੋਕ ਦਾਤੀਆਂ ਅਤੇ ਪਲੀਆਂ ਲੈ ਕੇ ਸਕੂਲ ਪਹੁੰਚੇ ਤਾਂ ਅੱਗੋ ਸਕੂਲ ਮੁਖੀਆਂ ਨੇ ਪੇਪਰ ਦੀ ਸ਼ੁਰੂਆਤ ਗਰਮ ਗਰਮ ਚਾਹ ਦੀਆਂ ਚੁਸਕੀਆਂ ਅਤੇ ਲਡੂਆਂ ਨਾਲ ਕਰਵਾਈ। ਪ੍ਰੀਖਿਆ ਦੇਣ ਆਏ ਪ੍ਰੀਖਿਆਰਥੀ 15 ਤੋਂ ਲੈ ਕੇ 75—80 ਸਾਲ ਦੇ ਸਨ ਅਤੇ ਪੂਰੇ ਉਤਸ਼ਾਹ ਵਿਚ ਸਨ, ਉਚ ਅਧਿਆਪਕਾਂ ਅਤੇ ਸਕੂਲ ਮੁਖੀਆਂ ਦਾ ਧੰਨਵਾਦ ਵੀ ਕਰਦੇ ਨਜਰ ਆਏ ਕਿਉਂਕਿ ਕੰਮਕਾਰਾਂ ਦੇ ਨਾਲ—ਨਾਲ ਦੁਬਾਰਾ ਪੜਾਈ ਸ਼ੁਰੂ ਕਰਵਾਉਣੀ ਅਤੇ ਸਮਾਜਿਕ ਸਾਂਝ ਪਾਉਣੀ ਬਹੁਤ ਚੰਗਾ ਕੰਮ ਹੈ ਅਤੇ ਉਹ ਸਾਰੇ ਪਿਆਰ ਸਤਿਕਾਰ ਨਾਲ ਪੜ੍ਹਨਾ ਲਿਖਣ ਪਸੰਦ ਕਰਦੇ ਹਨ। ਸਿਖਿਆ ਵਿਭਾਗ ਦੇ ਬੁਲਾਰੇ ਪ੍ਰਿੰਸੀਪਲ ਹੰਸ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਖਿਆ ਵਿਭਾਗ ਪੰਜਾਬ ਅਤੇ ਐਸ.ਸੀ.ਈ.ਆਰ.ਟੀ. ਦੇ ਦਿਸ਼ਾ—ਨਿਰਦੇਸ਼ਾਂ ਤੇ ਜ਼ਿਲ੍ਹਾ ਸਿਖਿਆ ਅਫਸਰ ਸੈ.ਸਿ. ਡਾ. ਸੁਖਬੀਰ ਸਿੰਘ ਬਲ ਦੀ ਅਗਵਾਈ ਹੇਠ ਅਜ ਜਿਲੇ ਭਰ ਦੇ 230 ਪ੍ਰੀਖਿਆ ਕੇਂਦਰਾਂ ਤੇ ਗੈਰ ਸਾਖਰ ਲੋਕਾਂ ਦੀ ਪਹਿਲੀ ਪ੍ਰੀਖਿਆ ਲਈ ਗਈ, ਸਕੂਲ ਮੁਖੀਆਂ ਨੂੰ ਹੀ ਪ੍ਰੀਖਿਆ ਕੰਟਰੋਲਰ ਲਗਾਇਆ ਗਿਆ ਸੀ ਅਤੇ ਸਕੂਲੀ ਸਟਾਫ ਵੱਲੋਂ ਇਹ ਪ੍ਰੀਖਿਆ ਲਈ ਗਈ ਹੈ, ਤਕਰੀਬਨ 6000 ਗੈਰ ਸਾਖਰ ਅਜ ਪ੍ਰੀਖਿਆ ਵਿਚ ਬੈਠੇ, ਪ੍ਰੀਖਿਆ ਦਾ ਸਮਾਂ 10 ਤੋਂ ਸ਼ਾਮ 5 ਵਜੇ ਰਖਿਆ ਗਿਆ ਹੈ, ਜ਼ੋ ਗੈਰ ਸਾਖਰ ਪ੍ਰੀਖਿਆ ਕੇਂਦਰ ਨਹੀਂ ਆਏ। ਉਨ੍ਹਾ ਦੀ ਸੁਵਿਧਾ ਲਈ ਪਿੰਡ ਦੀ ਕਿਸੇ ਸਾਂਝੀ ਥਾਂ ਇਸ ਪ੍ਰੀਖਿਆ ਨੂੰ ਨੇਪਰੇ ਚਾੜਿਆ ਗਿਆ ਹੈ। ਡਾਈਟ ਪ੍ਰਿੰਸੀਪਲ ਡਾ. ਰਚਨਾ ਨੇ ਜ਼ਿਲ੍ਹਾ ਸਿਖਿਆ ਅਫਸਰ ਅਤੇ ਜ਼ਿਲੇ੍ਹ ਦੇ ਸਾਰੇ ਪ੍ਰਿੰਸੀਪਲ ਅਤੇ ਮੁਖ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਵੱਡਾ ਅਤੇ ਔਖਾ ਕਾਰਜ ਸੀ ਜ਼ੋ ਸਫਲਤਾ ਨਾਲ ਨੇਪਰੇ ਚੜਿਆ ਹੈ, ਇਸ ਲਈ ਸਾਰੇ ਹੀ ਸਾਬਾਸ਼ੀ ਦੇ ਹਕਦਾਰ ਹਨ। ਇਸ ਕਾਰਜ ਨੂੰ ਨੇਪਰੇ ਚਾੜਨ ਲਈ ਕੋਆਰਡੀਨੇਟਰ ਸਿਕੰਦਰ ਸਿੰਘ ਵੱਲੋਂ ਦਿਨ ਰਾਤ ਇਕ ਕਰਕੇ ਮਿਹਨਤ ਕੀਤੀ ਗਈ, ਜਿਸ ਕਰਕੇ ਪ੍ਰੀਖਿਆ ਅਸਲ ਵਿਚ ਕੋਈ ਵੀ ਮੁਸ਼ਕਲ ਨਹੀਂ ਆਈ। ਪ੍ਰੀਖਿਆ ਕੇਂਦਰਾਂ ਤੋਂ ਪੇਪਰ ਦੇ ਕੇ ਆ ਰਹੇ ਬਜੁਰਗ ਪੂਰੇ ਖੁਸ਼ ਨਜਰ ਆ ਰਹੇ ਸਨ ਅਤੇ ਇਹ ਚਰਚਾ ਵੀ ਕਰ ਰਹੇ ਸਨ ਕਿ ਸਕੂਲਾਂ ਦਾ ਨਕਸ਼ਾ ਬਦਲਿਆ ਪਿਆ ਹੈ, ਆਪਾ ਵੀ ਅੰਗੁਠਾ ਛਾਪ, ਅਨਪੜ ਅਤੇ ਗਵਾਰ ਹੋਣ ਦਾ ਕਲੰਕ ਧੋ ਦੇਈਏ।