ਦਾਖਾ 'ਚ ਨੈਸ਼ਨਲ ਹਾਈਵੇਅ 'ਤੇ 2 ਕਰੋੜ ਨਾਲ ਬਣੇਗਾ ਪੈਦਲ ਚੱਲਣ ਵਾਲਾ ਪੁਲ

  • ਸੁਖਵਿੰਦਰ ਢੋਲਣ ਦੀ ਸਖ਼ਤ ਮਿਹਨਤ ਦਾ ਨਤੀਜਾ
  • ਸਰਕਾਰੀ ਸਕੂਲ ਦਾਖਾ ਦੇ ਵਿਦਿਆਰਥੀ ਬੇਹੱਦ ਖ਼ੁਸ਼

ਮੁੱਲਾਂਪੁਰ ਦਾਖਾ, 26 ਮਈ (ਸਤਵਿੰਦਰ ਸਿੰਘ ਗਿੱਲ) : ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਲੁਧਿਆਣਾ ਤੋਂ ਤਲਵੰਡੀ ਤੱਕ ਇਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇ ਕੇ ਹਰ ਚੌਕ 'ਚ ਪੁਲਾਂ ਦਾ ਨਿਰਮਾਣ ਤੇ ਪੁਲਾਂ ਦੁਆਲੇ ਸਰਵਿਸ ਲੇਨ ਬਣਾਉਣ ਦਾ ਕੰਮ ਕਰਵਾਇਆ ਪਰ ਇਸ ਸ਼ਾਹਰਾਹ 'ਤੇ ਪੈਂਦੇ ਸ਼ਹਿਰਾਂ ਦੀ ਭੀੜ-ਭਾੜ ਦੇ ਬਾਵਜੂਦ ਪੈਦਲ ਚੱਲਣ ਵਾਲਾ ਪੁਲ ਬਣਾਉਣਾ 'ਭੁੱਲ' ਗਏ। ਮੁੱਲਾਂਪੁਰ ਦਾਖਾ ਵੀ ਉਨ੍ਹਾਂ ਸ਼ਹਿਰਾਂ 'ਚੋਂ ਇਕ ਹੈ ਜਿਹੜਾ ਹਾਈਵੇਅ ਦੇ ਨਾਲ-ਨਾਲ ਵਸਿਆ ਹੋਇਆ ਹੈ ਅਤੇ ਬਹੁਤੇ ਕਾਰੋਬਾਰ ਇਸੇ ਕੌਮੀ ਮਾਰਗ 'ਤੇ ਹਨ। ਹਾਈਵੇਅ 'ਤੇ ਹੀ ਬਹੁਤ ਪੁਰਾਣਾ ਸ਼ਹੀਦ ਕਰਨਲ ਹਰਚਰਨ ਸਿੰਘ ਸੇਖੋਂ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੀ ਸਥਿਤ ਹੈ। ਪਰ ਪੈਦਲ ਚੱਲਣ ਵਾਲਾ ਪੁਲ ਨਾ ਹੋਣ ਕਾਰਨ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਸਮੇਤ ਹੋਰਨਾਂ ਦੁਕਾਨਦਾਰਾਂ, ਆਮ ਲੋਕਾਂ ਤੇ ਕਾਰੋਬਾਰੀਆਂ ਨੂੰ ਭਾਰੀ ਦਿੱਕਤ ਪੇਸ਼ ਆ ਰਹੀ ਸੀ। ਇਸ ਸਮੱਸਿਆ ਦੇ ਮੱਦੇਨਜ਼ਰ ਸਮਾਜਿਕ ਕਾਰਕੁਨ ਅਤੇ ਕਿਸੇ ਸਮੇਂ ਆਮ ਆਦਮੀ ਪਾਰਟੀ 'ਚ ਸਰਗਰਮ ਰਹਿਣ ਦੌਰਾਨ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ (ਸਾਬਕਾ ਵਿਧਾਇਕ ਦਾਖਾ) ਅਤੇ ਕੈਪਟਨ ਸੰਦੀਪ ਸੰਧੂ ਸਾਬਕਾ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਦੇ ਨਜ਼ਦੀਕੀ ਰਹੇ ਸੁਖਵਿੰਦਰ ਸਿੰਘ ਢੋਲਣ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਰਾਬਤਾ ਬਣਾਇਆ। ਦੋ ਮਹੀਨੇ ਦੇ ਚਿੱਠੀ ਪੱਤਰ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਦਫਤਰ ਚ ਲਗਾਤਾਰ ਸੰਪਰਕ ਚ ਰਹਿਣ ਤੇ ਸਬੰਧਿਤ ਨੈਸ਼ਨਲ ਹਾਈਵੇਅ ਅਥਾਰਟੀ ਨੇ ਅਖੀਰ ਇਹ ਪੁਲ ਬਣਾਉਣ ਲਈ ਟੈਂਡਰ ਮੰਗ ਲਏ ਹਨ। ਨੌਜਵਾਨ ਆਗੂ ਸੁਖਵਿੰਦਰ ਢੋਲਣ ਨੇ ਦਸਤਾਵੇਜ਼ ਦਿਖਾਉਂਦਿਆਂ ਦੱਸਿਆ ਕਿ 2 ਕਰੋੜ 6 ਲੱਖ 47 ਹਜ਼ਾਰ 292 ਰੁਪਏ ਦੀ ਲਾਗਤ ਨਾਲ ਇਹ 'ਫੁੱਟ ਓਵਰ ਬ੍ਰਿੱਜ' ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਖਾ ਦੇ ਨੇੜੇ ਬਣੇਗਾ। ਵਿਭਾਗ ਨੇ 23 ਜੂਨ ਤੱਕ ਟੈਂਡਰ ਮੰਗੇ ਹਨ ਅਤੇ ਇਹ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਕੁਝ ਮਹੀਨੇ ਅੰਦਰ ਪੁਲ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲ ਬਣਨ ਨਾਲ ਜਿੱਥੇ ਲੋਕਾਂ ਨੂੰ ਹਾਈਵੇਅ ਪਾਰ ਕਰਨ 'ਚ ਸੌਖ ਤੇ ਸੁਰੱਖਿਆ ਮਿਲੇਗੀ ਉਥੇ ਹੀ ਨਾਲ ਰੈਂਪ ਵੀ ਬਣਾਇਆ ਜਾਵੇਗਾ। ਇਸ ਰੈਂਪ ਦੀ ਮਦਦ ਨਾਲ ਵੀਲ੍ਹਚੇਅਰ ਵਾਲੇ ਵਿਕਲਾਂਗ ਲੋਕ ਅਤੇ ਸਾਈਕਲ ਆਦਿ ਵਾਲੇ ਲੋਕ ਵੀ ਹਾਈਵੇਅ ਦੇ ਏਧਰ-ਓਧਰ ਆ-ਜਾ ਸਕਣਗੇ। ਜ਼ਿਕਰਯੋਗ ਹੈ ਕਿ ਹੁਣ ਤੱਕ ਲੋਕ ਹਾਈਵੇਅ ਨੂੰ ਇਸੇ ਤਰ੍ਹਾਂ ਜਾਨ ਤਲੀ 'ਤੇ ਰੱਕ ਕੇ ਪਾਰ ਕਰਦੇ ਹਨ ਜਿਸ ਨਾਲ ਹਮੇਸ਼ਾ ਹਾਦਸੇ 'ਚ ਖ਼ਤਰਾ ਬਣਿਆ ਰਹਿੰਦਾ ਹੈ। ਸੁਖਵਿੰਦਰ ਢੋਲਣ ਨੇ ਕਿਹਾ ਕਿ ਇਸ ਖ਼ਤਰੇ ਨੂੰ ਭਾਂਪਦਿਆਂ ਉਨ੍ਹਾਂ ਦੇ ਧਿਆਨ 'ਚ ਲੋਕਾਂ ਦੀ ਰੋਜ਼ਾਨਾ ਦੀ ਮੁਸ਼ਕਿਲ ਨਜ਼ਰ ਪਈ ਜਿਸ 'ਤੇ ਉਨ੍ਹਾਂ ਪੈਦਲ ਚੱਲਣ ਵਾਲਾ ਪੁਲ ਬਣਾਉਣ ਦੀ ਲੋੜ ਦਾ ਮੁੱਦਾ ਉਭਾਰਨਾ ਸ਼ੁਰੂ ਕੀਤਾ।