ਸਿੱਖਾਂਵਾਲਾ ਵਿਖੇ ਸਥਿੱਤ ਫਾਰਮ ਤੇ ਪੀਏਯੂ ਦੁਬਾਰਾ ਸੁਧਰੇ ਬੀਜ ਤਿਆਰ ਕਰਨ ਦਾ ਕੰਮ ਜਲਦ ਸ਼ੁਰੂ ਕਰੇਗੀ : ਸਪੀਕਰ ਸੰਧਵਾਂ 

ਕੋਟਕਪੂਰਾ, 15 ਮਾਰਚ : ਜਿਲਾ ਫਰੀਦਕੋਟ ਦੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਅਧੀਨ ਆਉਂਦੇ ਪਿੰਡ ਬੀੜ ਸਿੱਖਾਂਵਾਲਾ ਵਿਖੇ ਸਥਿੱਤ ਫਾਰਮ ਲਗਭਗ 30 ਸਾਲਾਂ ਤੋਂ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਦੇ ਕੋਲ ਸੀ, ਜਿਸ ’ਤੇ ਪੰਜਾਬ ਭਰ ਦੇ ਕਿਸਾਨਾ ਨੂੰ ਨਵੀਆਂ ਕਿਸਮਾ ਦੇ ਬੀਜ ਤਿਆਰ ਕਰਕੇ ਦਿੱਤੇ ਜਾਂਦੇ ਸਨ, ਪਰ ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਇਸ ਦਾ ਕੰਮ ਬੰਦ ਹੋ ਜਾਣ ਕਾਰਨ ਉੱਥੇ ਕੰਮ ਕਰਨ ਵਾਲੇ ਕਾਮਿਆਂ, ਕਿਸਾਨਾ ਅਤੇ ਆਮ ਲੋਕਾਂ ਵਿੱਚ ਨਿਰਾਸ਼ਾ ਪੈਦਾ ਹੋਣੀ ਸੁਭਾਵਿਕ ਸੀ, ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਐਲਾਨ ਕੀਤਾ ਹੈ ਕਿ ਪੀਏਯੂ ਦੁਬਾਰਾ ਉਕਤ ਫਾਰਮ ਉੱਪਰ ਆਪਣਾ ਸੁਧਰੇ ਬੀਜ ਤਿਆਰ ਕਰਨ ਦਾ ਕੰਮ ਜਲਦ ਸ਼ੁਰੂ ਕਰੇਗੀ। ਉਹਨਾ ਦੱਸਿਆ ਕਿ ਯੂਨੀਵਰਸਿਟੀ ਦੇ ਉਪਰਾਲੇ ਨਾਲ ਜਿੱਥੇ ਸੁਧਰੇ ਬੀਜ ਤਾਂ ਮਿਲਣਗੇ ਹੀ, ਉੱਥੇ ਆਸ ਪਾਸ ਦੇ ਲੋਕਾਂ ਨੂੰ ਰੁਜਗਾਰ ਵੀ ਮਿਲੇਗਾ।  ਉਹਨਾ ਦੱਸਿਆ ਕਿ ਉਕਤ ਖੇਤਰੀ ਖੋਜ ਕੇਂਦਰ ਉੱਪਰ ਪੰਜਾਬ ਸਰਕਾਰ ਦੁਬਾਰਾ ਗੰਨੇ ਦੀ ਖੋਜ ਦਾ ਕੰਮ ਸ਼ੁਰੂ ਕਰਵਾ ਰਹੀ ਹੈ, ਇਸ ਨਾਲ ਜਿੱਥੇ ਇਸ ਇਲਾਕੇ ਦੇ ਕਿਸਾਨਾ ਨੂੰ ਗੰਨੇ ਦੀਆਂ ਸੁਧਰੀਆਂ ਕਿਸਮਾ ਦੇ ਬੀਜ ਅਤੇ ਉਤਪਾਦਨ ਤਕਨੀਕਾਂ ਦੀ ਜਾਣਕਾਰੀ ਮਿਲੇਗੀ, ਉੱਥੇ ਜੂਸ ਅਤੇ ਗੁੜ ਵਾਸਤੇ ਗੰਨਾ ਬੀਜਣ ਨਾਲ ਖੇਤੀ ਵਿਭਿੰਨਤਾ ਨੂੰ ਵੀ ਹੁਲਾਰਾ ਮਿਲੇਗਾ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (ਪੀਏਯੂ) ਦੇ ਵਾਈਸ ਚਾਂਲਸਰ ਡਾ. ਸਤਿਬੀਰ ਸਿੰਘ ਗੋਸਲ, ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ, ਡਾ ਰੂਹੀ ਦੁੱਗ ਡਿਪਟੀ ਕਮਿਸ਼ਨਰ, ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ, ਡਾ ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਸਮੇਤ ਅਨੇਕਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ, ਰਾਜਨੀਤਿਕ ਆਗੂਆਂ ਅਤੇ ਸੈਂਕੜੇ ਕਿਸਾਨਾ ਦੇ ਇਕੱਠ ਨੂੰ ਸੰਬੋਧਨ ਕਰਨ ਮੌਕੇ ਸਪੀਕਰ ਸੰਧਵਾਂ ਨੇ ਆਖਿਆ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਖੇਤਰੀ ਕੇਂਦਰ ਫਰੀਦਕੋਟ ਵਿੱਚ ਲਾਏ ਗਏ ਕਿਸਾਨ ਮੇਲੇ ਦੌਰਾਨ ਇਹ ਗੱਲ ਸਾਂਝੀ ਕਰਦਿਆਂ ਉਸਨੂੰ ਦਿਲੋਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਬੀੜ ਫਾਰਮ ਵਿਚਲੀ ਸੈਂਕੜੇ ਏਕੜ ਉਕਤ ਜਮੀਨ ਮੁੜ ਤੋਂ ਖੇਤੀ ਖੋਜ ਕਾਰਜਾਂ ਲਈ ਵਰਤੀ ਜਾਵੇਗੀ।