ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਐਪੀਜੇਨੇਟਿਕਸ ਬਾਰੇ ਕਿਤਾਬ ਜਾਰੀ ਕੀਤੀ

ਲੁਧਿਆਣਾ 14 ਜੂਨ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਬੀਤੇ ਦਿਨੀਂ ‘ਫੰਡਾਮੈਂਟਲਜ ਆਫ ਐਪੀਜੇਨੇਟਿਕਸ’ ਨਾਂ ਦੀ ਪੁਸਤਕ ਲੋਕਅਰਪਿਤ ਕੀਤੀ | ਇਸ ਕਿਤਾਬ ਦੇ ਲੇਖਕ ਪੀ.ਏ.ਯੂ. ਤੋਂ 2005 ਵਿੱਚ ਜੈਨੇਟਿਕਸ ਦੇ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਏ ਡਾ. ਗੁਰਬਚਨ ਸਿੰਘ ਮਿਗਲਾਨੀ ਹਨ | ਉਹ ਬਾਅਦ ਵਿੱਚ ਕਈ ਸਾਲਾਂ ਤੱਕ ਸਕੂਲ ਆਫ ਐਗਰੀਕਲਚਰਲ ਬਾਇਓਟੈਕਨਾਲੋਜੀ ਵਿੱਚ ਅਡਜੰਕਟ ਪ੍ਰੋਫੈਸਰ ਵਜੋਂ ਸੇਵਾ ਨਿਭਾਉਂਦੇ ਰਹੇ ਹਨ | ਇਹ ਕਿਤਾਬ ਯੂਨੀਵਰਸਿਟੀ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਯੂਨੀਵਰਸਿਟੀ ਕੈਂਪਸ ਵਿੱਚ ਰਿਲੀਜ਼ ਕੀਤੀ ਗਈ|ਲੇਖਕ ਨੂੰ ਉਸਦੀ ਪ੍ਰਾਪਤੀ ਲਈ ਵਧਾਈ ਦਿੰਦੇ ਹੋਏ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਕਿਤਾਬ ਐਪੀਜੇਨੇਟਿਕਸ ਦੇ ਵੱਖ-ਵੱਖ ਪਹਿਲੂਆਂ ਬਾਰੇੇ ਸੰਖੇਪ ਪਰ ਸਟੀਕ ਜਾਣਕਾਰੀ ਮੁਹੱਈਆ ਕਰਾਉਂਦੇ ਹੈ | ਉਹਨਾਂ ਕਿਹਾ ਕਿ ਐਪੀਜੇਨੇਟਿਕਸ ਇੱਕ ਨਵਾਂ ਪਰ ਉਭਰ ਰਿਹਾ ਖੇਤਰ ਹੈ ਜਿਸ ਵਿੱਚ ਡੀ ਐੱਨ ਏ ਲੜੀਆਂ ਨੂੰ ਬਦਲੇ ਬਿਨਾਂ ਜੀਨਾਂ ਦੀ ਸਮੀਕਰਣ ਨੂੰ ਨਿਯਮਤ ਕੀਤਾ ਜਾ ਸਕਦਾ ਹੈ | ਇਸ ਨਾਲ ਮਨੁੱਖੀ ਬਿਮਾਰੀਆਂ ਨਾਲ ਲੜਨ ਦੀ ਸਮਰਥਾ ਤਾਂ ਪੈਦਾ ਹੋਵੇਗੀ | ਨਾਲ ਹੀ ਇਸ ਵਿਧੀ ਦੀ ਵਰਤੋਂ ਫਸਲ ਉਤਪਾਦਨ ਵਿੱਚ  ਵਾਧੇ ਲਈ ਕੀਤੀ ਜਾ ਸਕੇਗੀ |ਡਾ. ਗੋਸਲ ਨੇ ਹੋਰ ਕਿਹਾ ਕਿ ਪੌਦਿਆਂ ਵਿੱਚ ਐਪੀਜੀਨੇਟਿਕ ਤਬਦੀਲੀਆਂ ਵੱਖ-ਵੱਖ ਕਾਰਕਾਂ ਜਿਵੇਂ ਕਿ ਤਾਪਮਾਨ, ਪਾਣੀ ਦੀ ਉਪਲਬਧਤਾ, ਪੌਸ਼ਟਿਕ ਤੱਤਾਂ ਦੇ ਪੱਧਰ ਅਤੇ ਖਾਦਾਂ ਜਾਂ ਕੀਟਨਾਸਕਾਂ ਦੀ ਵਰਤੋਂ ਕਾਰਨ ਹੋ ਸਕਦੀਆਂ ਹਨ| ਇਹ ਸਾਰੇ ਕਾਰਕ ਜੀਨਾਂ ਦੇ ਪ੍ਰਗਟਾਵੇ ਨੂੰ ਪ੍ਰਭਾਵਤ ਕਰ ਸਕਦੇ ਹਨ ਅਤੇ ਪੌਦੇ ਦੇ ਵਿਕਾਸ, ਉਪਜ, ਅਤੇ ਕੀੜਿਆਂ ਅਤੇ ਸੋਕੇ ਵਰਗੇ ਹਾਲਾਤ ਦਾ ਸਾਮ੍ਹਣਾ ਕਰਨ ਦੀ ਸਮਰੱਥਾ ਉੱਤੇ ਪ੍ਰਭਾਵ ਪਾ ਸਕਦੇ ਹਨ| ਉਹਨਾਂ ਕਿਹਾ ਕਿ ਇਹ ਪੁਸਤਕ ਖੇਤੀ ਵਿਗਿਆਨ, ਜੀਵਨ ਵਿਗਿਆਨ, ਔਸ਼ਧੀ ਵਿਗਿਆਨ, ਬਾਇਓਤਕਨਾਲੋਜੀ, ਮੋਲੀਕਿਊਲਰ ਐਪੀਜੇਨੇਟਿਕਸ ਵਰਗੇ ਵਿਸ਼ਿਆਂ ਦੇ ਖੋਜੀਆਂ ਲਈ ਬੇਹੱਦ ਅਹਿਮ ਸਾਬਤ ਹੋਵੇਗੀ | ਡਾ. ਜੀ.ਐਸ. ਮਿਗਲਾਨੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਕਿਤਾਬ ਮੁੱਖ ਤੌਰ ’ਤੇ ਰਵਾਇਤੀ ਖੇਤੀਬਾੜੀ ਅਤੇ ਮੈਡੀਕਲ ਯੂਨੀਵਰਸਿਟੀਆਂ ਵਿੱਚ ਐਪੀਜੇਨੇਟਿਕਸ ਦੀ ਪੜ੍ਹਾਈ ਕਰ ਰਹੇ ਅੰਡਰਗਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਪਾਠ ਪੁਸਤਕ ਵਜੋਂ ਲਿਖੀ ਗਈ ਹੈ| ਕਿਤਾਬ ਦਾ ਮੂਲ ਆਧਾਰ ਇਹ ਵਿਚਾਰ ਹੈ ਕਿ ਜੀਨ ਸਾਡੇ ਸਰੀਰ ਦੇ ਵਿਕਾਸ ਅਤੇ ਕੰਮਕਾਜ ਲਈ ਹਦਾਇਤਾਂ ਵਜੋਂ ਕੰਮ ਕਰਦੇ ਹਨ| ਉਹਨਾਂ ਕਿਹਾ ਕਿ ਇਸ ਕਿਤਾਬ ਨੂੰ ਸੌਖੀ ਭਾਸ਼ਾ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਲਾਭਪਾਤਰੀਆਂ ਨੂੰ ਔਖੇ ਸੰਕਲਪਾਂ ਤੱਕ ਪਹੁੰਚਣ ਵਿੱਚ ਸਹਾਇਤਾ ਮਿਲੇ| ਉਹਨਾਂ ਨੇ ਪੌਦਿਆਂ ਅਤੇ ਜਾਨਵਰਾਂ ਦੇ ਜੀਨ ਵਿਹਾਰ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਅਤੇ ਐਪੀਜੇਨੇਟਿਕਸ ਦੇ ਮਹੱਤਵ ਬਾਰੇ ਹਾਜ਼ਰ ਲੋਕਾਂ ਨਾਲ ਭਰਪੂਰ ਗੱਲਬਾਤ ਕੀਤੀ | ਸਕੂਲ ਆਫ ਬਾਇਓਤਕਨਾਲੋਜੀ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੇ ਲੇਖਕ ਨੂੰ ਇਸ ਸ਼ਾਨਦਾਰ ਕਾਰਜ ਲਈ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਵਿਦਿਆਰਥੀਆਂ ਅਤੇ ਖੋਜੀਆਂ ਲਈ ਇਹ ਕਿਤਾਬ ਬੇਹੱਦ ਲਾਹੇਵੰਦ ਸਿੱਧ ਹੋਵੇਗੀ | ਉਹਨਾਂ ਕਿਹਾ ਕਿ ਇਸ ਨਾਲ ਮਨੁੱਖੀ ਸਿਹਤ ਅਤੇ ਖੇਤੀਬਾੜੀ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ਪ੍ਰਫੁੱਲਿਤ ਹੋਣਗੀਆਂ | ਅੰਤ ਵਿੱਚ ਧੰਨਵਾਦ ਦੇ ਸ਼ਬਦ ਸੰਸਥਾਈ ਸੰਬੰਧਾਂ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕਹੇ |