ਪੀ.ਏ.ਯੂ. ਦੇ ਦੋ ਵਿਦਿਆਰਥੀਆਂ ਨੂੰ ਪ੍ਰਧਾਨਮੰਤਰੀ ਫੈਲੋਸ਼ਿਪ ਮਿਲੀ

ਲੁਧਿਆਣਾ 31 ਮਾਰਚ (ਰਘਵੀਰ ਸਿੰਘ ਜੱਗਾ) : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵਿੱਚ ਪੀ ਐੱਚ ਡੀ ਕਰ ਰਹੇ ਦੋ ਵਿਦਿਆਰਥੀਆਂ ਕੁਮਾਰੀ ਬਿਕਾਸਨੀ ਮੈਂਥਰੀ ਅਤੇ ਸ੍ਰੀ ਓਮ ਪ੍ਰਕਾਸ ਰਾਇਗਰ ਨੂੰ ਖੋਜ ਲਈ ਵੱਕਾਰੀ ਪ੍ਰਧਾਨਮੰਤਰੀ ਫੈਲੋਸ਼ਿਪ ਪ੍ਰਾਪਤ ਹੋਈ ਹੈ | ਇਹ ਫੈਲੋਸ਼ਿਪ ਰਾਸ਼ਟਰੀ ਪੱਧਰ ਤੇ 23 ਵਿਦਿਆਰਥੀਆਂ ਨੂੰ ਮਿਲੀ ਅਤੇ ਦੋਵੇ ਵਿਦਿਆਰਥੀ ਇਸ ਵਰਗ ਵਿਚ ਚੁਣੇ ਗਏ | ਇਸ ਬਾਰੇ ਜਾਣਕਾਰੀ ਦਿੰਦਿਆਂ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਫੈਲੋਸ਼ਿਪ ਪ੍ਰਾਪਤ ਕਰਨ ਵਾਲੀਆਂ ਨੌਂ ਖੇਤੀਬਾੜੀ ਸੰਸਥਾਵਾਂ ਵਿੱਚੋਂ ਸਿਰਫ ਪੀਏਯੂ ਨੂੰ ਦੋ ਫੈਲੋਸ਼ਿਪਾਂ ਪ੍ਰਾਪਤ ਹੋਈਆਂ ਹਨ| ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ. ਵਰਿੰਦਰ ਸਿੰਘ ਸੋਹੂ  ਨੇ ਦੱਸਿਆ ਕਿ ਕੁਮਾਰੀ ਮੈਂਥਰੀ ਆਪਣਾ ਖੋਜ ਕਾਰਜ ਮੱਕੀ ਮਾਹਿਰ ਡਾ. ਤੋਸ਼ ਗਰਗ ਦੀ ਨਿਗਰਾਨੀ ਹੇਠ ਕਰ ਰਹੇ ਹਨ | ਉਹਨਾਂ ਨੇ ਇਹ ਫੈਲੋਸ਼ਿਪ ਪ੍ਰਾਈਵੇਟ ਉਦਯੋਗ ਸਾਂਝੀਦਾਰ ਕੋਰਟੇਬਾ ਐਗਰੀ ਸਾਇੰਸ ਦੇ ਸਹਿਯੋਗ ਨਾਲ ਸਥਾਪਿਤ ਵਜ਼ੀਫੇ ਵਜੋਂ ਪ੍ਰਾਪਤ ਕੀਤੀ ਹੈ | ਡਾ. ਸੋਹੂ ਅਨੁਸਾਰ ਪ੍ਰਕਾਸ ਰਾਇਗਰ, ਝੋਨਾ ਵਿਗਿਆਨੀ ਡਾ. ਰੁਪਿੰਦਰ ਕੌਰ ਦੀ ਅਗਵਾਈ ਵਿੱਚ ’ਚੌਲਾਂ ਵਿੱਚ ਪੌਸਟਿਕ ਤੱਤਾਂ ਦੀ ਘਾਟ ਸਹਿਣਸੀਲਤਾ ਵਿਸ਼ੇ ਤੇ ਕੰਮ ਕਰਨਗੇ| ਇਹ ਫੈਲੋਸ਼ਿਪ ਉਹਨਾਂ ਨੂੰ ਡਾਕਟਰੇਟ ਖੋਜ ਨੂੰ ਅੱਗੇ ਵਧਾਉਣ ਲਈ ਪ੍ਰਾਈਵੇਟ ਪਾਰਟਨਰ  ਐੱਨ ਜੀ ਬੀ ਡਾਇਗਨੌਸਟਿਕਸ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਦਿੱਤੀ ਗਈ ਹੈ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਵਿੱਚ ਸਫਲਤਾ ਦੀ ਕਾਮਨਾ ਕੀਤੀ|