ਪੀ.ਏ.ਯੂ. ਵਿੱਚ ਬੇਕਰੀ ਅਤੇ ਕਨਫੈਕਸ਼ਨਰੀ ਵਿੱਚ ਮੋਟੇ ਅਨਾਜਾਂ ਦੀ ਵਰਤੋਂ ਬਾਰੇ ਦੋ ਦਿਨਾਂ ਵਰਕਸ਼ਾਪ ਹੋਈ

ਲੁਧਿਆਣਾ 31 ਮਾਰਚ (ਰਘਵੀਰ ਸਿੰਘ ਜੱਗਾ) : ਪੀ.ਏ.ਯੂ. ਦੇ ਕਾਲਜ ਆਫ ਕਮਿਊਨਿਟੀ ਸਾਇੰਸ ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਅੰਤਰਰਾਸ਼ਟਰੀ ਮੋਟੇ ਅਨਾਜਾਂ ਦੇ ਮਨਾਏ ਜਾ ਰਹੇ ਸਾਲ ਦੇ ਜਸਨਾਂ ਵਜੋਂ ਮੋਟੇ ਅਨਾਜਾਂ ਦੀ ਖਪਤ ਨੂੰ ਵਧਾਉਣ ਲਈ ’ਬੇਕਰੀ ਅਤੇ ਕਨਫੈਕਸਨਰੀ ਵਿੱਚ ਮੋਟੇ ਅਨਾਜਾਂ ਦੀ ਵਰਤੋਂ’ ਵਿਸੇ ’ਤੇ ਦੋ ਦਿਨਾਂ ਵਰਕਸਾਪ ਦਾ ਆਯੋਜਨ ਕੀਤਾ| ਮੋਟੇ ਅਨਾਜਾਂ ਨਾਲ ਸਿਹਤਮੰਦ ਪਕਵਾਨ ਬਨਾਉਣ ਬਾਰੇ ਇਸ ਵਰਕਸਾਪ ਵਿੱਚ ਕਾਲਜ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਸਮੇਤ 55 ਪ੍ਰਤੀਭਾਗੀਆਂ ਨੇ ਭਾਗ ਲਿਆ|ਸ੍ਰੀਮਤੀ ਅਲਪਨਾ ਗੁਪਤਾ, ਮੈਪਿਕ ਫੂਡਜ ਪ੍ਰਾਈਵੇਟ ਲਿਮਟਿਡ ਅਤੇ ਸ੍ਰੀਮਤੀ ਮਨਜੀਤ ਕੌਰ, ਡਸਕੀ ਟਾਰਟੇ ਵਰਕਸਾਪ ਲਈ ਮੁੱਖ ਭਾਸ਼ਣ ਕਰਤਾ ਸਨ| ਦੋਵੇਂ ਮਾਹਿਰ ਭੋਜਨ ਅਤੇ ਪੋਸਣ ਵਿਭਾਗ ਦੇ ਸਿਖਿਆਰਥੀ ਹਨ ਅਤੇ ਸਫਲਤਾਪੂਰਵਕ ਆਪਣੇ ਬੇਕਰੀ ਯੂਨਿਟ ਚਲਾ ਰਹੇ ਹਨ| ਉਨ੍ਹਾਂ ਨੇ ਕਣਕ ਦੇ ਆਟੇ ਅਤੇ ਗੁੜ ਦੀ ਵਰਤੋਂ ਕਰਕੇ ਬੇਕਰੀ ਅਤੇ ਕਨਫੈਕਸਨਰੀ ਉਤਪਾਦਾਂ ਜਿਵੇਂ ਕਿ ਜਵਾਰ ਕੇਕ, ਰਾਗੀ ਕੂਕੀਜ, ਰਾਗੀ ਬਾਉਂਟੀ ਬਾਲ, ਮਲਟੀਗ੍ਰੇਨ ਕੂਕੀਜ, ਮਲਟੀਗ੍ਰੇਨ ਕੇਕ, ਖਜੂਰ ਅਤੇ ਅਖਰੋਟ ਕੇਕ ਵਿੱਚ ਵੱਖ-ਵੱਖ ਮੋਟੇ ਅਨਾਜਾਂ ਦੀ ਵਰਤੋਂ ਦਾ ਪ੍ਰਦਰਸਨ ਕੀਤਾ|ਡਾ. ਕਿਰਨ ਗਰੋਵਰ, ਵਿਭਾਗ ਦੇ ਮੁਖੀ ਨੇ ਦੱਸਿਆ ਕਿ ਮੋਟੇ ਅਨਾਜਾਂ ਨੂੰ ਅਕਸਰ ਪੌਸਟਿਕ-ਅਨਾਜ ਕਿਹਾ ਜਾਂਦਾ ਹੈ ਕਿਉਂਕਿ ਉਸ ਵਿਚ ਉੱਚ ਪੌਸਟਿਕ ਤੱਤ ਅਤੇ ਖੁਰਾਕੀ ਫਾਈਬਰ ਹੁੰਦੇ ਹਨ| ਮੋਟੇ ਅਨਾਜ  ਪ੍ਰੋਟੀਨ, ਸੂਖਮ ਪੌਸਟਿਕ ਤੱਤਾਂ ਅਤੇ ਫਾਈਟੋਕੈਮੀਕਲਜ਼ ਦਾ ਚੰਗਾ ਸਰੋਤ ਹਨ ਅਤੇ ਇਸ ਵਿੱਚ ਬਹੁਤ ਸਾਰੇ ਪੌਸਟਿਕ ਅਤੇ ਸਿਹਤ ਨੂੰ ਉਤਸਾਹਿਤ ਕਰਨ ਵਾਲੇ ਗੁਣ ਹਨ| ਉਹ ਗਲੁਟਨ ਮੁਕਤ ਹੁੰਦੇ ਹਨ ਅਤੇ ਸੇਲੀਏਕ ਮਰੀਜਾਂ ਲਈ ਕਣਕ ਜਾਂ ਗਲੂਟਨ ਵਾਲੇ ਅਨਾਜ ਦਾ ਬਦਲ ਹੋ ਸਕਦੇ ਹਨ| ਡਾ. ਕਿਰਨਜੋਤ ਸਿੱਧੂ, ਡੀਨ, ਕਾਲਜ ਆਫ ਕਮਿਊਨਿਟੀ ਸਾਇੰਸ ਨੇ ਮੋਟੇ ਅਨਾਜਾਂ ਦੀ ਵਰਤੋਂ ਨੂੰ ਹਰਮਨ ਪਿਆਰਾ ਬਣਾਉਣ ਲਈ ਵਿਭਾਗ ਦੇ ਯਤਨਾਂ ਦੀ ਸਲਾਘਾ ਕੀਤੀ| ਉਹਨਾਂ ਨੇ ਜੋਰ ਦਿੱਤਾ ਕਿ ਬੇਕਰੀ ਅਤੇ ਕਨਫੈਕਸਨਰੀ ਦੀ ਸਿਖਲਾਈ ਵਿਦਿਆਰਥੀਆਂ ਨੂੰ ਨੌਕਰੀ ਭਾਲਣ ਵਾਲਿਆਂ ਦੀ ਬਜਾਏ ਆਪਣੀ ਕਾਰੋਬਾਰ ਸਥਾਪਤ ਕਰਨ ਅਤੇ ਨੌਕਰੀ ਪ੍ਰਦਾਨ ਕਰਨ ਵਾਲੇ ਬਣਨ ਲਈ ਤਿਆਰ ਕਰਨ ਦਾ ਮੌਕਾ ਵੀ ਦੇਵੇਗੀ| ਉਹਨਾਂ ਨੇ ਜੋਰ ਦੇ ਕੇ ਕਿਹਾ ਕਿ ਮਿਆਰੀ ਕਨਫੈਕਸਨਰੀ ਅਤੇ ਵੱਡੇ ਪੱਧਰ ’ਤੇ ਬੇਕਿੰਗ ਵਿੱਚ ਹੁਨਰ ਵਿਦਿਆਰਥੀਆਂ ਨੂੰ ਆਪਣੇ ਰੁਜ਼ਗਾਰ ਸ਼ੁਰੂ ਕਰਨ ਲਈ ਮੌਕਾ ਪ੍ਰਦਾਨ ਕਰੇਗਾ|