ਪੀ.ਏ.ਯੂ. ਦੇ ਸੱਤ ਉੱਚ ਪੱਧਰੀ ਖੋਜੀਆਂ ਦੀ ਟੀਮ ਨੇ ਵਿਸ਼ਵ ਵਿਦਿਆਲਾ ਅਨੁਸੰਧਾਨ ਉਤਸਵ 2023 ਵਿੱਚ ਯੂਨੀਵਰਸਿਟੀ ਦੀਆਂ ਖੋਜ ਪ੍ਰਾਪਤੀਆਂ ਸਾਂਝੀਆਂ ਕੀਤੀਆਂ

ਲੁਧਿਆਣਾ 25 ਅਪ੍ਰੈਲ : ਬੀਤੇ ਦਿਨੀਂ ਡਾ. ਅੰਬੇਦਕਰ ਇੰਟਰਨੈਸ਼ਨਲ ਸੈਂਟਰ ਨਵੀਂ ਦਿੱਲੀ ਵਿੱਚ ਕਰਵਾਏ ਗਏ ਵਿਸ਼ਵ ਵਿਦਿਆਲਾ ਅਨੁਸੰਧਾਨ ਉਤਸਵ 2023 ਵਿੱਚ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਤੋਂ ਸੱਤ ਖੋਜੀਆਂ ਦੀ ਇੱਕ ਟੀਮ ਸ਼ਾਮਿਲ ਹੋਈ | ਇਸ ਟੀਮ ਵਿੱਚ ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ, ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਧਰਮਿੰਦਰ ਸਿੰਘ, ਭੋਜਨ ਵਿਗਿਆਨੀ ਅਤੇ ਤਕਨੀਕੀ ਮਾਹਿਰ ਡਾ. ਪੂਨਮ ਸਚਦੇਵ, ਮੁੱਖ ਕਣਕ ਬਰੀਡਰ ਡਾ. ਅਚਲਾ ਸ਼ਰਮਾ, ਮੁੱਖ ਪੌਦਾ ਜੀਵਾਣੂੰ ਮਾਹਿਰ ਡਾ. ਮਨਦੀਪ ਹੂੰਝਣ ਅਤੇ ਮੁੱਖ ਕੀਟ ਵਿਗਿਆਨੀ ਡਾ. ਕਮਲਜੀਤ ਸਿੰਘ ਸੂਰੀ ਨਾਲ ਸਬਜ਼ੀ ਮਾਹਿਰ ਡਾ. ਸਈਦ ਸ਼ਾਮਿਲ ਹੋਏ | ਇਹ ਉਤਸਵ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਵੱਲੋਂ ਕਰਵਾਇਆ ਗਿਆ ਸੀ ਅਤੇ ਇਸ ਵਿੱਚ ਵਿਗਿਆਨ ਅਤੇ ਤਕਨਾਲੋਜੀ ਬਾਰੇ ਰਾਜ ਮੰਤਰੀ ਡਾ. ਜੀਤੇਂਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ | ਪੀ.ਏ.ਯੂ. ਦੀ ਇਸ ਟੀਮ ਨੂੰ ਪ੍ਰਮੋਸ਼ਨ ਆਫ ਯੂਨੀਵਰਸਿਟੀ ਰਿਸਰਚ ਐਂਡ ਸਾਇੰਟਿਫਿਕ ਐਕਸੀਲੈਂਸ (ਪਰਸ) ਪ੍ਰੋਗਰਾਮ ਤਹਿਤ ਸ਼ਾਮਿਲ ਹੋਣ ਦਾ ਮੌਕਾ ਮਿਲਿਆ | ਇਸ ਉਤਸਵ ਵਿੱਚ ਭਾਰਤੀ ਯੂਨੀਵਰਸਿਟੀਆਂ ਵਿੱਚ ਵਿਗਿਆਨ ਅਤੇ ਖੋਜ ਸੰਬੰਧੀ ਹੋ ਰਹੀਆਂ ਖੋਜਾਂ ਅਤੇ ਵਿਕਾਸ ਕਾਰਜਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ | ਦੇਸ਼ ਵਿੱਚ ਪਰਸ ਪ੍ਰੋਗਰਾਮ ਅਧੀਨ ਆਪਣੀ ਸੰਸਥਾ ਦਾ ਖੋਜ ਅਤੇ ਵਿਗਿਆਨਕ ਕਾਰਜ ਪ੍ਰਦਰਸ਼ਿਤ ਕਰਨ ਵਾਲੀਆਂ ਯੂਨੀਵਰਸਿਟੀ ਦੀਆਂ ਪੈਂਤੀ ਟੀਮਾਂ ਵਿੱਚ ਪੀ.ਏ.ਯੂ. ਸ਼ਾਮਿਲ ਹੋਈ | ਸੰਸਥਾ ਦੇ ਮਾਹਿਰਾ ਨੇ ਭੋਜਨ ਸੁਰੱਖਿਆ ਅਤੇ ਪੋਸ਼ਣ ਦੇ ਨਾਲ-ਨਾਲ ਕਾਸ਼ਤ ਤਕਨੀਕਾਂ ਨੂੰ ਸਵਸਥ ਭਾਰਤ ਉਦੇਸ਼ ਅਧੀਨ ਪੇਸ਼ ਕੀਤਾ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਉਤਸਵ ਵਿੱਚ ਸ਼ਾਮਿਲ ਹੋਣ ਵਾਲੀ ਟੀਮ ਦੇ ਮਾਹਿਰਾਂ ਨੂੰ ਵਧਾਈ ਦਿੱਤੀ|