ਪੀਏਯੂ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਮੱਕੀ ਕਾਨਫਰੰਸ ਵਿਚ ਸਰਵੋਤਮ ਥੀਸਿਸ ਐਵਾਰਡ ਜਿੱਤੇ

ਲੁਧਿਆਣਾ 28 ਅਗਸਤ 2024 : ਪੀ.ਏ.ਯੂ. ਦੇ ਦੋ ਵਿਦਿਆਰਥੀਆਂ ਨੂੰ ਮੱਕੀ ਟੈਕਨੋਲੋਜਿਸਟ ਐਸੋਸੀਏਸ਼ਨ ਆਫ਼ ਇੰਡੀਆ ਦੁਆਰਾ 2023 ਲਈ ਮਾਣਮੱਤੇ ਪੋਸਟ ਗ੍ਰੈਜੂਏਟ ਥੀਸਿਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਬੀਤੇ ਦਿਨੀਂ ਆਈ ਸੀ ਏ ਆਰ - ਆਈ ਆਈ ਆਰ ਲੁਧਿਆਣਾ ਅਤੇ ਪੀਏਯੂ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਰਾਸ਼ਟਰੀ ਮੱਕੀ ਕਾਨਫਰੰਸ ਦੌਰਾਨ ਪ੍ਰਦਾਨ ਕੀਤੇ ਗਏ। ਡਾ.ਵਜਾਹਤ-ਉਨ-ਨਿਸਾ, ਪੀ.ਐਚ.ਡੀ. ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਖੋਜਾਰਥੀ ਨੂੰ ਡਾਕਟਰੇਟ ਖੋਜ ਲਈ ਪੁਰਸਕਾਰ ਮਿਲਿਆ। ਇਸੇ ਵਿਭਾਗ ਦੀ ਇਕ ਹੋਰ ਵਿਦਿਆਰਥਣ ਕੁਮਾਰੀ ਹਿਨਾ ਸ਼ਰਮਾ ਨੂੰ ਵੀ ਐਮ.ਐਸ.ਸੀ. ਵਿਚ ਉਸ ਦੇ ਥੀਸਿਸ ਦੇ ਸਿਰਲੇਖ ਲਈ ਐਵਾਰਡ ਦਿੱਤਾ ਗਿਆ।ਦੋਵਾਂ ਵਿਦਿਆਰਥੀਆਂ ਨੇ ਮੱਕੀ ਸੈਕਸ਼ਨ ਦੇ ਪ੍ਰਿੰਸੀਪਲ ਮੱਕੀ ਬਰੀਡਰ ਡਾ.ਸੁਰਿੰਦਰ ਸੰਧੂ ਦੀ ਅਗਵਾਈ ਹੇਠ ਆਪਣੀ ਖੋਜ ਕੀਤੀ। ਉਹਨਾਂ ਦਾ ਕੰਮ ਜੀਨੋਮਿਕਸ ਅਤੇ ਸੀਰੀਅਲ ਕੈਮਿਸਟਰੀ ਵਰਗੇ ਨਾਮਵਰ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਇਆ ਹੈ। ਪੀ ਏ ਯੂ ਦੇ ਵਾਈਸ ਚਾਂਸਲਰ ਡਾ.ਸਤਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੇਜੂਏਟ ਸਟੱਡੀਜ਼ ਡਾ: ਮਾਨਵ ਇੰਦਰਾ ਸਿੰਘ ਗਿੱਲ, ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਅਤੇ ਡਾ. ਵੀ.ਐਸ. ਸੋਹੂ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਨੇ ਡਾ. ਵਜਾਹਤ-ਉਨ-ਨਿਸਾ, ਹਿਨਾ ਸ਼ਰਮਾ ਨੂੰ ਇਸ ਮਹੱਤਵਪੂਰਨ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਉਹਨਾਂ ਦੇ ਭਵਿੱਖ ਵਿੱਚ ਸਫਲਤਾ ਦੀ ਕਾਮਨਾ ਕੀਤੀ।