ਪੀ.ਏ.ਯੂ. ਵਿੱਚ ਵਿਦਿਆਰਥੀਆਂ ਨੂੰ ਵੇਰਵਾ ਪੱਤਰ/ਬਾਇਓਡਾਟਾ ਬਨਾਉਣ ਦੇ ਗੁਰ ਦੱਸੇ ਗਏ

ਲੁਧਿਆਣਾ 16 ਮਈ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਬਾਗਬਾਨੀ ਅਤੇ ਜੰਗਲਾਤ ਕਾਲਜ ਨੇ ਯੂਨੀਵਰਸਿਟੀ ਕਾਊਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਦੇ ਸਹਿਯੋਗ ਨਾਲ ਪਾਲ ਆਡੀਟੋਰੀਅਮ ਵਿਖੇ ’ਅੰਡਰ ਗ੍ਰੈਜੂਏਟ ਵਿਦਿਆਰਥੀਆਂ ਲਈ ਰਿਜ਼ਿਊਮੇ ਬਨਾਉਣ ਬਾਰੇ ਇੱਕ ਸੈਸਨ ਦਾ ਆਯੋਜਨ ਕੀਤਾ| ਯੂਨੀਵਰਸਿਟੀ ਕਾਉਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸਦੀਪ ਧਰਨੀ ਨੇ ਆਰਟ ਆਫ ਰਿਜ਼ਿਊਮੇ ਬਨਾਉਣ ਦੇ ਕਲਾ ਵਿਸ਼ੇ ਤੇ ਭਾਸ਼ਣ ਦਿੱਤਾ | ਉਹਨਾਂ ਨੇ ਸੈੱਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਵੀ ਦਿੱਤੀ| ਭਾਸ਼ਣ ਦੌਰਾਨ ਡਾ. ਧਰਨੀ ਨੇ ਇਸ ਕਾਰਜ ਲਈ ਨੁਕਤਿਆਂ ’ਤੇ ਚਰਚਾ ਕੀਤੀ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਨੌਕਰੀ ਅਤੇ ਰੁਜਗਾਰ ਦੇ ਪੇਸੇਵਰ ਹੁਨਰ ਹਾਸਲ ਕਰਨ ਲਈ ਪ੍ਰੇਰਿਤ ਕੀਤਾ| ਉਹਨਾਂ ਨੇ ਮੌਜੂਦਾ ਮੁਕਾਬਲੇ ਵਾਲੇ ਸਮੇਂ ਵਿੱਚ ਨੌਕਰੀ ਲਈ ਸੰਚਾਰ ਹੁਨਰ ਅਤੇ ਸਾਂਝੇ ਕਾਰਜ ਦੀ ਮਹੱਤਤਾ ਨੂੰ ਵੀ ਦਰਸਾਇਆ| ਉਹਨਾਂ ਕਿਹਾ ਕਿ ਨੌਕਰੀ ਲਈ ਵਿਵਰਣ ਪੱਤਰ ਤਿਆਰ ਕਰਦੇ ਸਮੇਂ ਵਿਦਿਆਰਥੀਆਂ ਨੂੰ ਨੌਕਰੀ ਦੇ ਵੇਰਵਿਆਂ ਨੂੰ ਧਿਆਨ ਨਾਲ ਦੇਖਣ ਦੀ ਲੋੜ ਹੁੰਦੀ ਹੈ | ਡਾ. ਧਰਨੀ ਨੇ ਆਪਣੇ ਵੇਰਵਾ ਪੱਤਰ ਨੂੰ ਲਗਾਤਾਰ ਸੋਧਣ ਅਤੇ ਉਸ ਵਿੱਚ ਤਾਜ਼ਾ ਕੰਮਾਂ ਦਾ ਵੇਰਵਾ ਸ਼ਾਮਿਲ ਕਰਨ ਦੀ ਲੋੜ ਤੇ ਜ਼ੋਰ ਦਿੱਤਾ | ਬਾਗਬਾਨੀ ਅਤੇ ਖੇਤੀ ਜੰਗਲਾਤ ਕਾਲਜ ਦੇ ਡੀਨ ਡਾ. ਮਾਵ ਇੰਦਰਾ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੇ ਯਤਨਾਂ ਲਈ ਤਿਆਰ ਰਹਿਣ ਅਤੇ ਯੂਨੀਵਰਸਿਟੀ ਦੇ ਕਾਊਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਦੀਆਂ ਸੇਵਾਵਾਂ ਲੈਣ ਲਈ ਵੀ ਪ੍ਰੇਰਿਤ ਕੀਤਾ| ਉਹਨਾਂ ਦੱਸਿਆ ਕਿ ਇਸ ਕਾਲਜ ਤੋਂ ਪੜ੍ਹੇ ਵਿਦਿਆਰਥੀ ਵਡੇਰੀਆਂ ਸੰਸਥਾਵਾਂ ਵਿੱਚ ਉਚ ਸਿੱਖਿਆ ਹਾਸਲ ਕਰ ਸਕਦੇ ਹਨ ਜਾਂ ਆਪਣੇ ਵਿਸ਼ੇ ਨਾਲ ਸੰਬੰਧਤ ਰੁਜ਼ਗਾਰ ਲਈ ਬਿਨੈਪੱਤਰ ਭੇਜ ਸਕਦੇ ਹਨ | ਇਸ ਸੈਸਨ ਵਿੱਚ ਕਾਲਜ ਦੇ ਲਗਭਗ 189 ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ| ਸੈਸਨ ਦੀ ਸਮਾਪਤੀ ਡਾ. ਨਵਪ੍ਰੇਮ ਸਿੰਘ ਦੁਆਰਾ ਧੰਨਵਾਦ ਨਾਲ ਹੋਈ